
ਯੂ.ਕੇ ਅਦਾਲਤ ਵਲੋਂ ਤਿੰਨ ਸਿੰਘ ਰਿਹਾਅ ਤੇ ਭਾਰਤ ਸਰਕਾਰ ਹਵਾਲੇ ਕਰਨ ਤੋਂ ਕੀਤੀ ਨਾਂਹ
ਭਾਈ ਅਮਰੀਕ ਸਿੰਘ ਤੇ ਹੋਰਾਂ ਨੇ ਯੂ.ਕੇ ਦੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
ਨਵੀਂ ਦਿੱਲੀ, 22 ਸਤੰਬਰ (ਸੁਖਰਾਜ ਸਿੰਘ): ਯੂ.ਕੇ ਵਿਚ 2009 ਸਾਲ ਦੌਰਾਨ ਹਿੰਦੁਸਤਾਨ ਸਰਕਾਰ ਦੇ ਕਹਿਣ ਤੇ ਰੁਲਦਾ ਕੇਸ ਵਿਚ ਨਾਮਜ਼ਦ ਕੀਤੇ ਗਏ ਗੁਰਸ਼ਰਨ ਸਿੰਘ, ਅੰਮਿ੍ਤਵੀਰ ਸਿੰਘ ਅਤੇ ਪਿਆਰਾ ਸਿੰਘ ਜੋ ਕਿ ਪਿਛਲੇ ਕੁੱਝ ਮਹੀਨੇ ਪਹਿਲਾ ਯੂ.ਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਮੁੜ ਇਨ੍ਹਾਂ ਨੂੰ ਹਿੰਦੁਸਤਾਨ ਹਵਾਲੇ ਕਰਨ ਦਾ ਕੇਸ ਚਲਵਾਇਆ ਗਿਆ ਸੀ ਜਿਸ ਕਰ ਕੇ ਇਨ੍ਹਾਂ ਨੂੰ ਯੂ.ਕੇ ਪੁਲਿਸ ਵਲੋਂ ਗਿ੍ਫ਼ਤਾਰ ਕਰ ਕੇ ਜੇਲ 'ਚ ਬੰਦ ਕੀਤਾ ਗਿਆ ਸੀ ਤੇ ਅੱਜ ਅਦਾਲਤ ਵਲੋਂ ਕੇਸ ਰੱਦ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਹੈ |
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਅਮਰੀਕ ਸਿੰਘ ਨੇ ਦਸਿਆ ਕਿ 2011 ਵਿਚ ਵੀ ਇਨ੍ਹਾਂ ਨੂੰ ਅਦਾਲਤ ਵਲੋਂ ਕੇਸ ਚਲਣ ਲਾਇਕ ਨਹੀਂ ਹੈ ਕਹਿ ਕੇ ਛੱਡਿਆ ਗਿਆ ਸੀ ਅਤੇ ਜਦੋਂ ਡੋਮੋਨਿਕ ਰਾਬ ਹਿੰਦੁਸਤਾਨ ਫੇਰੀ ਤੇ ਗਏ ਸੀ
ਤਦ ਹਿੰਦੁਸਤਾਨ ਸਰਕਾਰ ਵਲੋਂ ਮੁੜ ਇਨ੍ਹਾਂ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਗਈ ਸੀ ਜਿਸ 'ਤੇ ਕਾਰਵਾਈ ਕਰਦਿਆਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੁੜ ਕੇਸ ਚਲਵਾਇਆ ਸੀ | ਅਦਾਲਤ ਵਲੋਂ ਮਾਮਲੇ ਨੂੰ ਹਰ ਪੱਖੋਂ ਵੇਖਣ ਮਗਰੋਂ ਇਹ ਕੇਸ ਰੱਦ ਕਰ ਦਿਤਾ ਹੈ, ਜਿਸ ਨਾਲ ਸਿੱਖ ਕੌਮ ਅਤੇ ਇਨ੍ਹਾਂ ਦੇ ਪ੍ਰਵਾਰ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ | ਭਾਈ ਅਮਰੀਕ ਸਿੰਘ ਅਤੇ ਹੋਰਨਾਂ ਸਿੰਘਾਂ ਨੇ ਯੂ.ਕੇ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ | ਅੱਜ ਅਦਾਲਤ 'ਚ ਕੇਸ ਦਾ ਫ਼ੈਸਲਾ ਸੁਣਾਇਆ ਜਾਣਾ ਸੀ, ਜਿਸ ਕਰ ਕੇ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ |