
ਕਿਹਾ- ਗੋਬਰ ਕੱਢਣ ਦਾ ਪੂਰਾ ਪ੍ਰਬੰਧ ਨਹੀਂ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਕਰੀਬ 750 ਡੇਅਰੀਆਂ ਹਨ, ਜਿਨ੍ਹਾਂ ਦਾ ਸੀਵਰ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਡੇਅਰੀਆਂ ਵਿਚੋਂ ਗੋਬਰ, ਮਲ-ਮੂਤਰ ਆਦਿ ਸੀਵਰੇਜ ਬੁੱਢੇ ਨਾਲੇ ਵਿਚ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਨਦੀਆਂ ਆਦਿ ਪ੍ਰਦੂਸ਼ਿਤ ਹੋ ਰਹੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਡੇਅਰੀਆਂ ਦੇ ਗੋਬਰ ਕਾਰਨ ਬੁੱਢੇ ਨਾਲੇ ਵਿਚ ਫੈਲ ਰਹੇ ਪ੍ਰਦੂਸ਼ਣ ਕਾਰਨ ਨਗਰ ਨਿਗਮ ਨੂੰ 3.60 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।
ਇਸ ਦੇ ਨਾਲ ਹੀ ਨਗਰ ਨਿਗਮ ਇਸ ਰਕਮ ਨੂੰ ਇਕੱਠਾ ਕਰਨ ਲਈ ਡੇਅਰੀ ਮਾਲਕਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਨਿਗਮ ਅਧਿਕਾਰੀਆਂ ਨੇ ਸਾਰੇ ਡੇਅਰੀ ਮਾਲਕਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਵੱਲੋਂ ਗੋਹੇ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਮੰਗੀ ਹੈ। ਇਸ ਤੋਂ ਬਾਅਦ ਕਾਰਵਾਈ ਦੇ ਤਹਿਤ ਨਿਗਮ ਡੇਅਰੀ ਮਾਲਕ ਨੂੰ ਨੋਟਿਸ ਭੇਜ ਕੇ ਜੁਰਮਾਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ।
ਦੱਸ ਦਈਏ ਕਿ ਸ਼ਹਿਰ ਵਿਚ 750 ਤੋਂ ਵੱਧ ਡੇਅਰੀਆਂ ਹਨ, ਜਿਨ੍ਹਾਂ ਵਿਚ ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਪ੍ਰਮੁੱਖ ਹਨ। ਇਨ੍ਹਾਂ ਡੇਅਰੀਆਂ ਵਿਚ ਗੋਹੇ ਦੇ ਨਿਪਟਾਰੇ ਦਾ ਕੋਈ ਪ੍ਰਬੰਧ ਨਹੀਂ ਹੈ। ਨਿਗਮ ਵੱਲੋਂ 3.60 ਕਰੋੜ ਦੇ ਜੁਰਮਾਨੇ ਸਬੰਧੀ ਪੀਪੀਸੀਬੀ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਪਰ ਨਿਗਮ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।