ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਣ ਵਾਲੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਐਨ.ਆਈ.ਏ. ਨੂੰ ਸੌਂਪ ਦਿਤੀ ਹੈ। ਜਾਣਕਾਰੀ ਮੁਤਾਬਕ 368 ਦਹਿਸ਼ਤਗਰਦ ਅਤੇ ਗੈਂਗਸਟਰ ਫਰਜ਼ੀ ਪਾਸਪੋਰਟਾਂ ਅਤੇ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਅਤੇ ਕੈਨੇਡਾ ਪਹੁੰਚਣ 'ਚ ਕਾਮਯਾਬ ਹੋਏ ਹਨ। ਇਨ੍ਹਾਂ ਸੱਭ ਦਾ ਨੈੱਟਵਰਕ ਪੰਜਾਬ, ਦਿੱਲੀ ਅਤੇ ਯੂ.ਪੀ. ਵਿਚ ਫੈਲਿਆ ਹੋਇਆ ਹੈ। ਇਸ ਲਈ ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੁਹਾਡਾ ਆਪਣਾ ਘਰ ਹੈ ਅਤੇ ਤੁਸੀਂ ਇੱਥੇ ਆਉਣ ਦੇ ਹੱਕਦਾਰ ਹੋ-ਸੰਸਦ ਮੈਂਬਰ ਜਗਮੀਤ ਸਿੰਘ
ਖ਼ਬਰਾਂ ਅਨੁਸਾਰ ਜ਼ਿਆਦਾਤਰ ਗੈਂਗਸਟਰ ਪੰਜਾਬ ਦੇ ਹਨ। ਇਥੋਂ ਦੀਆਂ ਜੇਲਾਂ ਵਿਚ ਬੰਦ ਉਨ੍ਹਾਂ ਦੇ ਸਾਥੀਆਂ ਤੋਂ ਐਨ.ਆਈ.ਏ. ਅਤੇ ਸੂਬਾ ਪੁਲਿਸ ਵਲੋਂ ਸਾਂਝੇ ਤੌਰ ’ਤੇ ਪੁਛਗਿਛ ਕੀਤੀ ਜਾਵੇਗੀ। ਸਬੰਧਤ ਅਦਾਲਤਾਂ ਵਿਚ ਇਸ ਦੀ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਐਨ.ਆਈ.ਏ. ਨੇ ਪੰਜਾਬ ਪੁਲਿਸ ਨੂੰ ਇਕ ਸੂਚੀ ਭੇਜੀ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਇਹ ਗੈਂਗਸਟਰ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਹਨ ਅਤੇ ਇਹ ਕਦੋਂ ਪੰਜਾਬ ਅਤੇ ਭਾਰਤ ਛੱਡ ਕੇ ਗਏ ਸਨ। ਕੈਨੇਡਾ 'ਚ ਪਿਛਲੇ 48 ਘੰਟਿਆਂ 'ਚ ਵਧਦੀਆਂ ਗੈਂਗ ਵਾਰ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਲੈ ਕੇ ਸ਼ੁਕਰਵਾਰ ਨੂੰ ਇੰਟੈਲੀਜੈਂਸ ਬਿਊਰੋ ਅਤੇ ਐਨ.ਆਈ.ਏ. ਦੀ ਸਾਂਝੀ ਮੀਟਿੰਗ ਹੋਈ।
ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਦੋਸ਼ ਲਗਾ ਕੇ ਕੀਤੀ ਵੱਡੀ ਗਲਤੀ- ਅਮਰੀਕੀ ਰੱਖਿਆ ਮਾਹਿਰ
ਖ਼ਬਰਾਂ ਜ਼ਰੀਏ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਅਤੇ ਹੋਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਗੈਂਗਸਟਰ ਗੋਲਡੀ ਬਰਾੜ ਗੁਪਤ ਰੂਪ ਵਿਚ ਅਮਰੀਕਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗੋਲਡੀ ਦੇ ਗਰਮਖਿਆਲੀਆਂ ਦੇ ਇਕ ਗਰੁੱਪ ਨਾਲ ਸਬੰਧ ਕਾਫੀ ਵਿਗੜ ਗਏ ਸਨ। ਉਸ ਨੂੰ ਪਤਾ ਲੱਗ ਗਿਆ ਸੀ ਕਿ ਗੈਂਗ ਵਾਰ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਕਿ ਕੋਈ ਉਸ 'ਤੇ ਜਾਨਲੇਵਾ ਹਮਲਾ ਕਰ ਸਕਦਾ, ਉਹ ਬੜੀ ਹੁਸ਼ਿਆਰੀ ਨਾਲ ਅਮਰੀਕਾ ਪਹੁੰਚ ਗਿਆ ਅਤੇ ਇਕ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਨ ਲੱਗਿਆ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਦੂਜੀ ਕਾਰ ਨੂੰ ਮਾਰੀ ਟੱਕਰ, ਦਵਾਈ ਲੈਣ ਜਾ ਰਹੀ ਔਰਤ ਦੀ ਹੋਈ ਮੌਤ
ਉਧਰ ਪੰਜਾਬ ਦੇ ਡੀ.ਜੀ.ਰੀ. ਗੌਰਵ ਯਾਦਵ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਜਾਅਲੀ ਦਸਤਾਵੇਜ਼ ਤਿਆਰ ਕਰਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਾਲੇ ਗਿਰੋਹ ਦੀ ਜਾਂਚ ਕਰ ਰਹੀ ਹੈ। ਇਹ ਸਾਰੀ ਕਾਰਵਾਈ ਇਕ ਅਹਿਮ ਸੂਚਨਾ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ।