
ਪੰਜਾਬ ਮੰਡੀ ਬੋਰਡ ਵਿੱਚ ਕੰਟਰੈਕਟ ’ਤੇ ਸੀ ਓਂਕਾਰ ਸਿੰਘ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਆਪਣੇ OSD ਨੂੰ ਹਟਾ ਦੇਣ ਦਾ ਇੱਕ ਵੱਡਾ ਫੈਸਲਾ ਹੈ,ਜਿਸ ਨੇ ਸਭ ਨੂੰ ਹੈਰਾਨ ਕੀਤਾ ਹੈ।
ਓਂਕਾਰ ਸਿੰਘ ਸੰਗਰੂਰ ਦੇ ਰਹਿਣ ਵਾਲੇ ਹਨ। ਓਂਕਾਰ ਸਿੰਘ ਨੂੰ ਭਗਵੰਤ ਮਾਨ ਦਾ ਕਰੀਬ ਮੰਨਿਆ ਜਾਂਦਾ ਹੈ। ਇਹ ਬਹੁਤ ਹੀ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ,ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਕੰਮ-ਕਾਜ ਸੰਭਾਲਦੇ ਸਨ। ਕਈ ਮਾਮਲਿਆਂ ’ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦੇ ਸਨ। ਓਂਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ। ਓਕਾਰ ਸਿੰਘ ਨੂੰ ਹਟਾਉਣ ਦਾ ਸਪੱਸ਼ਟ ਕਾਰਨ ਅਜੇ ਸਾਹਮਣੇ ਨਹੀਂ ਆਇਆ।
ਦੱਸ ਦੇਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਨੇ ਆਪਣੀ ਕੈਬਨਿਟ 'ਚੋਂ 4 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ। ਇਸ ਦੇ ਬਦਲੇ 5 ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾਇਆ ਜਾਵੇਗਾ। ਇਹ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ।
ਕਰੀਬ 3 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਣਾ ਤੈਅ ਮੰਨਿਆ ਜਾ ਰਿਹਾ ਸੀ ਪਰ ਜਲੰਧਰ ਵਿਧਾਨ ਸਭਾ ਉਪ ਚੋਣ ਕਾਰਨ ਇਹ ਟਲਦਾ ਰਿਹਾ। ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਇਸ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਮੰਤਰੀ ਮੰਡਲ ਵਿੱਚ ਇਹ ਫੇਰਬਦਲ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਖੇਤਰਾਂ ਦੀਆਂ ਰਿਪੋਰਟਾਂ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦੇ ਹੋਏ ਜਾਤੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੇ ਜ਼ਿਲ੍ਹਿਆਂ ਦੀ ਅਗਵਾਈ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰ ਭਗਤ ਨੂੰ ਮੰਤਰੀ ਬਣਾ ਕੇ ਜਲੰਧਰ ਵਾਸੀਆਂ ਨੂੰ ਰਿਟਰਨ ਤੋਹਫਾ ਦਿੱਤਾ ਹੈ। ਕਿਉਂਕਿ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਂਦੇ ਹੋ ਤਾਂ ਉਹ ਖੁਦ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ। ਅੱਜ ਸ਼ਾਮ ਪੰਜ ਨਵੇਂ ਮੰਤਰੀ ਰਾਜ ਭਵਨ ਵਿੱਚ ਸਹੁੰ ਚੁੱਕਣਗੇ।