
ਬਿਹਾਰ ਚੋਣਾਂ : ਨਿਰਮਲਾ ਸੀਤਾਰਮਨ ਨੇ ਜਾਰੀ ਕੀਤਾ ਭਾਜਪਾ ਦਾ ਚੋਣ ਮਨੋਰਥ ਪੱਤਰ
ਪਟਨਾ, 22 ਅਕਤੂਬਰ : ਭਾਜਪਾ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਪਟਨਾ ਵਿਚ ਭਾਜਪਾ ਦੇ 5 ਸੂਤਰਾਂ, ਇਕ ਗੋਲ, 11 ਮਤਿਆਂ ਦਾ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਹੈ।
ਅਪਣੇ 12 ਪੰਨਿਆਂ ਦੇ ਚੋਣ ਮਨੋਰਥ ਪੱਤਰ ਦੇ ਆਖ਼ਰੀ ਪੰਨੇ ਤੇ ਭਾਜਪਾ 19 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦਾ ਵਾਅਦਾ ਕਰ ਰਹੀ ਹੈ, ਜ਼ਿਕਰਯੋਗ ਹੈ ਕਿ ਐਨਡੀਏ ਦੇ ਭਾਈਵਾਲ ਨਿਤੀਸ਼ ਕੁਮਾਰ ਲੋਜਪਾ ਦੇ ਚਿਰਾਗ ਪਾਸਵਾਨ ਵਲੋਂ 10 ਲੱਖ ਨੌਕਰੀਆਂ ਦੇਣ ਦੇ ਵਾਅਦੇ ਦੀ ਖਿੱਲੀ ਪਹਿਲਾਂ ਹੀ ਉਡਾ ਚੁਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਨੇ ਲੋਕਾਂ ਨੂੰ ਦੇਣ ਲਈ ਚਿਰਾਗ ਪੈਸਾ ਕਿਥੋਂ ਲੈ ਕੇ ਆਉਣਗੇ। ਇਸ ਦੇ ਨਾਲ ਹੀ ਐਨਡੀਏ ਉਮੀਦਵਾਰਾਂ ਦੇ ਹੱਕ ਵਿਚ ਬਹੁਤ ਸਾਰੇ ਭਾਜਪਾ ਕੌਮੀ ਅਤੇ ਸੂਬਾਈ ਆਗੂ ਅੱਜ ਚੋਣ ਪ੍ਰਚਾਰ ਕਰਨਗੇ। ਇਨ੍ਹਾਂ ਆਗੂਆਂ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਝਾਰਖੰਡ ਦੇ ਸਾਬਕਾ ਸੀਐਮ ਬਾਬੂ ਲਾਲ ਮਰਾਂਡੀ ਅਤੇ ਰਘੁਵਰ ਦਾਸ ਸ਼ਾਮਲ ਹਨ। ਨਿਰਮਲਾ ਸੀਤਾਰਮਨ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਜੋ ਸੰਕਲਪ 'ਤੇ ਭਰੋਸਾ ਦੇ ਸਕਦੇ ਹਨ ਤਾਂ ਉਹ ਭਾਜਪਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਵਾਅਦੇ ਪੂਰੇ ਕੀਤੇ ਹਨ। ਸੀਤਾਰਮਨ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਅਸੀਂ ਜੇ ਗਰੀਬਾਂ ਦੇ ਅਕਾਊਂਟ ਵਿਚ 500 ਰੁਪਏ ਦੀ ਰਾਸ਼ੀ ਪਾ ਸਕੇ ਹਾਂ ਤਾਂ ਉਝ ਸਿਰਫ਼ ਜਨਧਨ ਯੋਜਨਾ ਨਾਲ ਹੀ ਸੰਭਵ ਹੋ ਸਕਿਆ ਹੈ ਤੇ ਅਸੀਂ ਇਸ ਸੰਕਟ ਵਿਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਵੀ ਦਿਤਾ।
ਕੋਰੋਨਾ ਦਾ ਜ਼ਿਕਰ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ - ਅਸੀਂ ਇੰਨੀ ਵੱਡੀ ਮਹਾਂਮਾਰੀ ਵਿਚ ਵੀ ਸਿਸਟਮ ਵਿਚ ਕੋਈ ਖ਼ਰਾਬੀ ਨਹੀਂ ਆਉਣ ਦਿਤੀ। ਬਿਹਾਰ ਦਾ ਬਜਟ 2 ਲੱਖ ਕਰੋੜ ਹੋ ਗਿਆ ਹੈ। (ਏਜੰਸੀ)