
ਭਾਰਤ ਦੇ ਗ਼ਲਤ ਨਕਸ਼ੇ ਨੂੰ ਲੈ ਕੇ ਸਰਕਾਰ ਨੇ ਟਵਿੱਟਰ ਨੂੰ ਦਿਤੀ ਸਖ਼ਤ ਚੇਤਾਵਨੀ
ਨਵੀਂ ਦਿੱਲੀ, 22 ਅਕਤੂਬਰ : ਭਾਰਤ ਸਰਕਾਰ ਨੇ ਦੇਸ਼ ਦਾ ਗ਼ਲਤ ਨਕਸ਼ਾ ਦਿਖਾਉਣ ਨੂੰ ਲੈ ਕੇ ਟਵਿੱਟਰ ਨੂੰ ਸਖ਼ਤ ਚੇਤਾਵਨੀ ਦਿਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਪ੍ਰਭੁਸੱਤਾ ਅਤੇ ਅਖੰਡਤਾ ਦਾ ਅਪਮਾਨ ਕਰਨ ਦਾ ਟਵਿੱਟਰ ਦਾ ਯਤਨ ਅਸਵੀਕਾਰਯੋਗ ਹੈ।
ਸੂਚਨਾ ਤਕਨੀਕੀ (ਆਈ.ਟੀ.) ਮੰਤਰਾਲੇ ਦੇ ਸੱਕਤਰ ਅਜੇ ਸਾਹਨੀ ਨੇ ਇਸ ਬਾਰੇ 'ਚ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੂੰ ਸਖ਼ਤ ਸ਼ਬਦਾਂ 'ਚ ਇਕ ਪੱਤਰ ਲਿਖਿਆ ਹੈ। ਸਾਹਨੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਯਤਨ ਨਾ ਸਿਰਫ਼ ਟਵਿੱਟਰ ਦੇ ਸਨਮਾਨ ਨੂੰ ਘਟਾਉਂਦਾ ਹੈ, ਬਲਕਿ ਇਹ ਇਕ ਜ਼ਰੀਆ ਹੋਣ ਦੇ ਨਾਅਤੇ ਟਵਿੱਟਰ ਦੀ ਨਿਰਪੱਖਤਾ ਨੂੰ ਵੀ ਸ਼ੱਕੀ ਬਣਾਉਂਦਾ ਹੈ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਾਹਨੀ ਨੇ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ਨੂੰ ਲੈ ਕੇ ਸਰਕਾਰ ਦੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਟਵਿੱਟਰ ਦੇ ਸੀਈਓ ਨੂੰ ਸਖ਼ਤ ਸ਼ਬਦਾਂ 'ਚ ਪੱਤਰ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਟਵਿੱਟਰ ਨੇ ਲੇਹ ਦੀ ਭੂਗੋਲਿਕ ਸਥਿਤੀ ਦੱਸਦੇ ਹੋਏ ਉਸ ਨੂੰ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਜੰਮੂ ਕਸ਼ਮੀਰ ਦਾ ਹਿੱਸਾ ਦੱਸ ਦਿਤਾ ਸੀ। ਸਾਹਨੀ ਨੇ ਅਪਣੇ ਪੱਤਰ 'ਚ ਟਵਿੱਟਰ ਨੂੰ ਚੇਤਾ ਕਰਾਇਆ ਹੈ ਕਿ ਲੇਹ ਕੇਂਦਰ ਸ਼ਾਸ਼ਤ ਪ੍ਰਦੇਸ਼ ਲੱਦਾਖ਼ ਦਾ ਮੁੱਖ ਦਫ਼ਤਰ ਹੈ। ਪੱਤਰ 'ਚ ਕਿਹਾ ਗਿਆ ਕਿ ਲੱਦਾਖ਼ ਅਤੇ ਜੰਮੂ ਕਸ਼ਮੀਰ ਦੋਵੇਂ ਭਾਰਤ ਦੇ ਅਭਿੰਨ ਅਤੇ ਨਾ ਵੰਢੇ ਜਾਣ ਵਾਲੇ ਅੰਗ ਹਨ ਅਤੇ ਭਾਰਤ ਦੇ ਸੰਵਿਧਾਨ ਤੋਂ ਪ੍ਰਸ਼ਾਸਤ ਹਨ। (ਪੀਟੀਆਈ)