 
          	ਡੱਬਵਾਲਾ ਕਲਾਂ ਨਜ਼ਦੀਕ ਅਰਨੀਵਾਲਾ ਮਾਈਨਰ 'ਚ ਪਿਆ ਪਾੜ, 200 ਏਕੜ ਫ਼ਸਲ ਪਾਣੀ 'ਚ ਡੁਬੀ
ਜਲਾਲਾਬਾਦ, 22 ਅਕਤੂਬਰ (ਸੁਖਦੇਵ ਸਿੰਘ ਸੰਧੂ) : ਬੀਤੀ ਰਾਤ ਕਰੀਬ 2 ਵਜੇ ਡੱਬਵਾਲਾ ਕਲਾਂ ਦੇ ਨਜ਼ਦੀਕ ਮੰਡੀ ਅਰਨਵਾਲਾ ਕੋਲ ਅਰਨੀਵਾਲਾ ਮਾਈਨਰ ਵਿਚ 109 ਬੁਰਜੀ 'ਤੇ 50 ਫ਼ੁਟ ਚੌੜਾ ਪਾੜ ਪੈ ਜਾਣ ਨਾਲ ਕਿਸਾਨਾਂ ਦੀ ਲਗਭਗ 200 ਏਕੜ ਤੋਂ ਵੱਧ ਬਾਸਮਤੀ ਝੋਨੇ ਦੀ ਪੱਕੀ ਫ਼ਸਲ ਬੇਹੱਦ ਪ੍ਰਭਾਵਤ ਹੋਈ ਹੈ | ਸਿੰਚਾਈ ਵਿਭਾਗ ਮੰਡਲ ਅਬੋਹਰ ਕਾਰਜਕਾਰੀ ਇੰਜਨੀਅਰ ਸ. ਰਮਨਪ੍ਰੀਤ ਸਿੰਘ ਅਨੁਸਾਰ ਵਿਭਾਗ ਨੂੰ  ਪਾੜ ਪੈਣ ਤੋਂ ਕਰੀਬ ਦੋ ਘੰਟੇ ਬਾਅਦ ਸੂਚਨਾ ਮਿਲੀ ਅਤੇ ਪਾੜ ਭਰਨ ਲਈ ਵਿਭਾਗ ਦਾ ਅਮਲਾ 4 ਵਜੇ ਨਹਿਰ 'ਤੇ ਪਹੁੰਚ ਗਿਆ ਤੇ ਨਹਿਰ ਵਿਚੋਂ ਪਾਣੀ ਬੰਦ ਕਰ ਦਿਤਾ ਗਿਆ ਹੈ | ਪਾੜ 23 ਤਰੀਕ ਦੁਪਹਿਰ ਤਕ ਭਰਨ ਦੀ ਉਮੀਦ ਹੈ | 
ਦਸਣਯੋਗ ਹੈ ਕਿ ਪਾੜ ਨਾਲ ਜਿਥੇ ਬੁਰਜੀ ਨੰਬਰ 109 ਆਰ. 'ਤੇ ਲੱਗਾ ਮੋਘਾ ਵੀ ਪਾਣੀ ਵਿਚ ਰੁੜ ਗਿਆ | ਉਥੇ ਨਾਲ ਹੀ ਕਿਸਾਨ ਕੁਲਵੰਤ ਸਿੰਘ ਪੁੱਤਰ ਗੁਰਬਚਨ ਸਿੰਘ ਦਾ ਟਿਊਬ ਵਾਲਾ ਪੱਕਾ ਕੋਚਾ ਵੀ ਢਹਿ-ਢੇਰੀ ਹੋ ਗਿਆ ਤੇ ਮੋਟਰ ਵੀ ਨੁਕਸਾਨੀ ਗਈ | ਕਿਸਾਨਾਂ ਦੀ ਬਾਸਮਤੀ ਪੱਕੀ ਫ਼ਸਲ ਰੁੜ ਜਾਣ ਨਾਲ ਚਿੰਤਾ ਵਿਚ ਡੁੱਬੇ ਕਿਸਾਨਾਂ ਨੇ ਦਸਿਆ ਕਿ ਇਸ ਨੁਕਸਾਨ ਲਈ ਵਿਭਾਗ ਖ਼ੁਦ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਨਹਿਰ ਵਿਚ ਕਲਾਲ ਬੂਟੀ ਆਉਣ ਨਾਲ ਨਹਿਰ ਓਵਰ ਫਲੋਅ ਚਲ ਰਹੀ ਸੀ ਅਤੇ ਨਹਿਰ ਦੀ ਸਮੇਂ ਸਿਰ ਖਲਾਈ ਨਾ ਹੋਣ ਕਾਰਨ ਵੀ ਪਾੜ ਪੈਣ ਦਾ ਸਬੱਬ ਬਣਿਆ ਹੈ | ਪੀੜਤ ਕਿਸਾਨਾਂ ਨੇ ਹਲਕਾ ਵਿਧਾਇਕ ਰਮਿੰਦਰ ਆਵਲਾ ਤੋਂ ਪ੍ਰਭਾਵਤ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ | 
ਜੇ.ਐਲ.ਬੀ.ਡੀ._ਸੁਖਦੇਵ_22_02-ਪਿੰਡ ਡੱਬਵਾਲਾ ਕੋਲ ਬੁਰਜੀ ਨੰਬਰ 109 'ਤੇ ਪਿਆ ਅਰਨੀਵਾਲਾ ਮਾਈਨਰ ਵਿਚ ਪਾੜ ਨਾਲ ਮੋਟਰ ਵਾਲਾ ਢਹਿ-ਢੇਰੀ ਹੋਇਆ ਕਮਰਾ |
ਤਸਵੀਰ:ਸੁਖਦੇਵ ਸਿੰਘ ਸੰਧੂ
 
 
                     
                
 
	                     
	                     
	                     
	                     
     
     
                     
                     
                     
                     
                    