
ਲਖੀਮਪੁਰ ਖੇੜੀ ਹਿੰਸਾ ਕੇਸ ਦੀ ਸਿੱਟ ਦੇ ਮੁਖੀ ਦਾ ਤਬਾਦਲਾ
ਲਖਨਊ, 22 ਅਕਤੂਬਰ : ਉਤਰ ਪ੍ਰਦੇਸ਼ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਨੇ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਵੀਰਵਾਰ ਨੂੰ ਦੇਰ ਰਾਤ 6 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਬਸਤੀ ਦੇ ਆਈ.ਜੀ ਨਾਲ ਲਖੀਮਪੁਰ ਖੇੜੀ ਹਿੰਸਾ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਓਪੇਂਦਰ ਕੁਮਾਰ ਅਗਰਵਾਲ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਉਤਰ ਪ੍ਰਦੇਸ ਸਰਕਾਰ ਵਿਚ ਦੇਰ ਰਾਤ ਦੇ ਤਬਾਦਲੇ ਜਾਰੀ ਹਨ। ਗ੍ਰਹਿ ਵਿਭਾਗ ਨੇ ਵੀਰਵਾਰ ਦੇਰ ਰਾਤ ਛੇ ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਹਨ। ਡੀਜੀਪੀ ਦਫ਼ਤਰ ਵਿਚ ਕਾਨੂੰਨ ਤੇ ਵਿਵਸਥਾ ਦੇ ਇੰਸਪੈਕਟਰ ਜਨਰਲ ਦੇ ਅਹੁਦੇ ’ਤੇ ਤਾਇਨਾਤ ਮੋਦਕ ਰੋਜਾਸ ਡੀ ਰਾਉ ਨੂੰ ਬਸਤੀ ਰੇਂਜ ਦਾ ਆਈ.ਜੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬਸਤੀ ਵਿਚ ਆਈ.ਜੀ ਵਜੋਂ ਤਾਇਨਾਤ ਅਨਿਲ ਕੁਮਾਰ ਰਾਏ ਨੂੰ ਪੀ.ਏ.ਸੀ ਸੈਂਟਰਲ ਜ਼ੋਨ ਲਖਨਊ ਦਾ ਇੰਸਪੈਕਟਰ ਜਨਰਲ ਬਣਾਇਆ ਗਿਆ ਹੈ। ਆਈ.ਜੀ ਅਯੁੱਧਿਆ ਦੇ ਅਹੁਦੇ ’ਤੇ ਤਾਇਨਾਤ ਸੰਜੀਵ ਗੁਪਤਾ ਨੂੰ ਪੁਲਿਸ ਇੰਸਪੈਕਟਰ ਜਨਰਲ, ਲਾਅ ਐਂਡ ਆਰਡਰ ਵਜੋਂ ਲਖਨਊ ਭੇਜਿਆ ਗਿਆ ਹੈ।
ਪ੍ਰਯਾਗਰਾਜ ਦੇ ਆਈ.ਜੀ ਕੇਪੀ ਸਿੰਘ ਨੂੰ ਅਯੁੱਧਿਆ ਦਾ ਨਵਾਂ ਆਈਜੀ ਬਣਾਇਆ ਗਿਆ ਹੈ। ਗੋਂਡਾ ਦੇ ਆਈ.ਜੀ ਰਾਕੇਸ਼ ਸਿੰਘ ਨੂੰ ਪ੍ਰਯਾਗਰਾਜ ਦਾ ਨਵਾਂ ਆਈ.ਜੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡੀਜੀਪੀ ਹੈੱਡਕੁਆਰਟਰਜ਼ ਵਿਚ ਤਾਇਨਾਤ ਉਪ ਪੁਲਿਸ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਉਪੇਂਦਰ ਕੁਮਾਰ ਅਗਰਵਾਲ ਨੂੰ ਗੋਂਡਾ ਦਾ ਨਵਾਂ ਡੀ.ਆਈ.ਜੀ ਬਣਾਇਆ ਗਿਆ ਹੈ। ਉਪੇਂਦਰ ਕੁਮਾਰ ਅਗਰਵਾਲ ਇਸ ਵੇਲੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਛੇ ਮੈਂਬਰੀ ਐਸ.ਆਈ.ਟੀ ਦੇ ਮੁਖੀ ਹਨ। (ਏਜੰਸੀ)