
ਉੜੀਸਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪ੍ਰਦੀਪ
ਭੁਵਨੇਸ਼ਵਰ, 22 ਅਕਤੂਬਰ : ਉੜੀਸਾ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਸਾਂਸਦ ਅਤੇ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਦੀਪ ਕੁਮਾਰ ਮਾਂਝੀ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਸ਼ੁਕਰਵਾਰ ਨੂੰ ਅਸਤੀਫ਼ਾ ਦੇ ਦਿਤਾ ਹੈ। ਮਾਂਝੀ ਨੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਅਪਣਾ ਅਸਤੀਫ਼ਾ ਭੇਜ ਦਿਤਾ ਹੈ। ਅਸਤੀਫ਼ੇ ਵਿਚ ਉਨ੍ਹਾਂ ਲਿਖਿਆ,‘‘ਬਹੁਤ ਸਤਿਕਾਰ ਨਾਲ ਤੇ ਬਹੁਤ ਦੁੱਖ ਨਾਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।’’ ਪ੍ਰਮੁਖ ਆਦੀਵਾਸੀ ਆਗੂ ਅਤੇ ਨਬਰੰਗਪੁਰ ਲੋਕ ਸਭਾ ਖੇਤਰ ਦੇ ਸਾਬਕਾ ਸਾਂਸਦ ਮਾਂਝੀ ਨੇ ਕਿਹਾ ਕਿ ਉਹ ਕਾਂਗਰਸ ਵਿਚ ਰਹਿੰਦੇ ਹੋਏ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਪਰ ਪਾਰਟੀ ਵਿਚ ਹੁਣ ‘ਹੌਸਲੇ ਦੀ ਕਮੀ’ ਹੈ। ਉਨ੍ਹਾਂ ਚਿੱਠੀ ਵਿਚ ਕਿਹਾ,‘‘ਪਾਰਟੀ ਦਾ ਸੰਗਠਨ ਤੁਹਾਡੀ ਗਤੀਸ਼ੀਲ ਅਗਵਾਈ ਵਿਚ ਬਹੁਤ ਚੰਗੇ ਢੰਗ ਨਾਲ ਕੰਮ ਕਰ ਰਿਹਾ ਸੀ, ਜੋ ਹੌਲੀ-ਹੌਲੀ ਵੱਖ-ਵੱਖ ਪੱਧਰਾਂ ’ਤੇ ਮਹੱਤਵਪੂਰਨ ਅਹੁਦਿਆਂ ’ਤੇ ਬੈਠੇ ਅੜੀਅਲ ਲੋਕਾਂ ਕਾਰਨ ਪ੍ਰਭਾਵਤ ਹੋਇਆ ਅਤੇ ਹੁਣ ਪਾਰਟੀ ਨੇ ਅਪਣਾ ਭਰੋਸਾ ਕਰੀਬ-ਕਰੀਬ ਗੁਆ ਦਿਤਾ ਹੈ, ਜਿਸ ਨੂੰ ਬਹਾਲ ਹੋਣ ਵਿਚ ਲੰਮਾਂ ਸਮਾਂ ਲੱਗੇਗਾ।’’ ਉਨ੍ਹਾਂ ਕਿਹਾ ਕਿ ਮੈਂ ਬੜੇ ਦੁੱਖ ਨਾਲ ਪਾਰਟੀ ਤੋਂ ਅਸਤੀਫ਼ਾ ਦੇ ਰਿਹਾ ਹਾਂ।
ਮਾਂਝੀ ਦੇ ਕਰੀਬੀ ਸੂਤਰਾਂ ਨੇ ਦਸਿਆ ਕਿ ਸਾਬਕਾ ਸਾਂਸਦ ਇਸ ਮਹੀਨੇ ਅਪਣੇ ਸਮਰਥਕਾਂ ਸਮੇਤ ਸੂਬੇ ਦੀ ਸੱਤਾਧਾਰੀ ਪਾਰਟੀ ਬੀਜੂ ਜਨਤਾ ਦਲ (ਬੀਜਦ) ਵਿਚ ਸ਼ਾਮਲ ਹੋ ਸਕਦੇ ਹਨ, ਜਦੋਂ ਮੁੱਖ ਮੰਤਰੀ ਨਵੀਲ ਪਟਨਾਇਕ ਨਬਰੰਗਪੁਰ ਦੇ ਦੌਰੇ ’ਤੇ ਜਾਣਗੇ। (ਏਜੰਸੀ)