
ਮੁੱਖ ਮੰਤਰੀ ਪੰਜਾਬ ਨਾਲ ਹੋ ਰਹੇ ਵਿਤਕਰੇ ਦਾ ਮਾਮਲਾ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਚੁਕਣ : ਸੁਖਬੀਰ ਬਾਦਲ
ਲੁਧਿਆਣਾ, 22 ਅਕਤੂਬਰ (ਆਰ.ਪੀ.ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ 10ਵੀਂ ਤੇ 12ਵੀਂ ਕਲਾਸ ਦੀਆਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਦੇ ਮਾਮਲੇ ਵਿਚ ਪੰਜਾਬ ਦਾ ਦਰਜਾ ਘਟਾ ਕੇ ਮਾਈਨਰ ਕਰਨ ਅਤੇ ਅੱਧੇ ਸੂਬੇ ਨੂੰ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਲਿਆਉਣ ਦੇ ਮਾਮਲੇ ਵਿਚ ਵਿਤਕਰੇ ਦਾ ਮਸਲਾ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁਕਣ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਖੋਖਲੇ ਵਾਅਦੇ ਕਰਨ ਦੀ ਥਾਂ ਲੋਕਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ | ਉਨ੍ਹਾਂ ਮੁੱਖ ਮੰਤਰੀ ਵਲੋਂ ਸਿਰਫ਼ ਤਸਵੀਰਾਂ ਖਿਚਵਾਉਣ 'ਤੇ ਲੱਕ ਬੰਨ੍ਹਣ ਅਤੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਦਾਅਵੇ ਵਾਲੇ ਗੁਮਰਾਹਕੁੰਨ ਇਸ਼ਤਿਹਾਰ ਛਪਾਉਣ 'ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ ਤੇ ਹੁਣ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਸ ਨੇ ਰੋਕਿਆ ਸੀ ਤੇ 800 ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ | ਉਨ੍ਹਾਂ ਕਿਹਾ ਕਿ ਇਹ ਗੱਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼ੋਭਦੀ ਨਹੀਂ ਕਿ ਉਹ ਅਪਣੇ ਆਪ ਨੂੰ ਸੂਬੇ ਦੇ ਰਾਖੇ ਵਜੋਂ ਪੇਸ਼ ਕਰਨ ਜਦਕਿ ਹਰ ਕੋਈ ਜਾਣਦਾ ਹੈ ਕਿ ਉਹ ਸ਼ੁਰੂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀਆਂ ਵਿਚ ਸ਼ੁਮਾਰ ਰਹੇ ਹਨ | ਉਹਨਾਂ ਕਿਹਾ ਕਿ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵੱਡਾ ਲਾਹਾ ਖੱਟਿਆ ਹੈ ਕਿਉਂਕਿ ਵਧੀਆ ਮਹਿਕਮੇ ਉਨ੍ਹਾਂ ਨੁੰ ਦਿਤੇ ਹੋਏ ਸਨ |
ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ, ਹੀਰਾ ਸਿੰਘ, ਪਿ੍ਤਪਾਲ ਸਿੰਘ ਪਾਲੀ, ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ |
L48_RP Singh_22_02