ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮਜੀਠਾ: ਇਥੇ ਇਕ ਪਿੰਡ ਵਿਖੇ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਦੀ ਮਾਂ ਨੇ ਥਾਣਾ ਮਜੀਠਾ ਵਿਖੇ ਦਰਜ ਕਰਾਏ ਬਿਆਨਾਂ ’ਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ । ਉਹ ਆਪਣੀ ਨਾਬਾਲਿਗ ਬੇਟੀ (15) ਨਾਲ ਇਥੇ ਰਹਿ ਰਹੀ ਹੈ। ਪਿੰਡ ਵਿਚ ਰਿਸ਼ਤੇਦਾਰ ਦਾ ਵਿਆਹ ਹੋਣ ਕਰ ਕੇ ਉਸ ਦੀ ਬੇਟੀ ਨੇ ਉਸ ਨੂੰ ਨਵੇਂ ਕੱਪੜੇ ਲਿਆਉਣ ਲਈ ਕਿਹਾ। ਉਹ ਬੈਂਕ ਵਿਚੋਂ ਆਪਣੀ ਪੈਨਸ਼ਨ ਦੇ ਪੈਸੇ ਕਢਵਾਉਣ ਲਈ ਆ ਗਈ ਅਤੇ ਉਸ ਦੀ ਧੀ ਘਰ ਵਿਚ ਇਕੱਲੀ ਸੀ। ਜਦ ਉਹ ਘਰ ਵਾਪਸ ਆਈ ਤਾਂ ਉਸ ਦੀ ਧੀ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ । ਉਸ ਦੀ ਧੀ ਦੀ ਮੌਤ ਹੋ ਚੁੱਕੀ ਸੀ।
ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਗੈਰ-ਹਾਜ਼ਰੀ ਵਿਚ ਸੁਲਤਾਨਪੁਰ ਲੋਧੀ ਤੋਂ ਆਏ ਦੋ ਵਿਅਕਤੀਆਂ ਨੇ ਪਹਿਲਾਂ ਉਸ ਦੀ ਧੀ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸ ਨੂੰ ਮਾਰ ਕੇ ਛੱਤ ਨਾਲ ਲਟਕਾ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਥਾਣਾ ਮਜੀਠਾ ਦੇ ਐੱਸ.ਐੱਚ.ਓ. ਮਨਮੀਤਪਾਲ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਅਤੇ 376 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।