
ਜਿਥੇ ਖ਼ੁਦਕੁਸ਼ੀ ਨੋਟ ’ਚ ਮੰਤਰੀ ’ਤੇ ਦੋਸ਼ ਲਾਇਆ ਹੈ, ਉਥੇ ਬਲਵਿੰਦਰ ਦੇ ਭਰਾ ਦੇ ਬਿਆਨ ’ਤੇ ਸਹੁਰਾ ਪ੍ਰਵਾਰ ਉਪਰ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਹੋਇਆ ਹੈ ਦਰਜ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪਿਛਲੇ ਦਿਨੀਂ ਰੋਪੜ ’ਚ ਨਹਿਰ ਵਿਚ ਛਾਲ ਮਾਰ ਕੇ ਇਕ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਪੰਜਾਬ ਦੇ ਸਿਆਸੀ ਹਲਕਿਆਂ ’ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਮਾਮਲੇ ’ਚ ਉਸ ਸਮੇਂ ਇਕ ਨਵਾਂ ਮੋੜ ਆਇਆ ਹੈ ਜਦੋਂ ਇਸ ਨਾਲ ਸਬੰਧਤ ਇਕ ਆਡੀਉ ਕਲਿੱਪ ਵਾਇਰਲ ਹੋਇਆ ਹੈ।
ਇਹ ਆਡੀਉ ਬਲਵਿੰਦਰ ਕੌਰ ਦੇ ਖ਼ੁਦਕੁਸ਼ੀ ਨੋਟ ਨਾਲ ਕਾਫ਼ੀ ਮੇਲ ਖਾ ਰਹੀ ਹੈ, ਜਿਸ ’ਚ ਉਹ ਨਿਯੁਕਤੀ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਹੋਣ ਕਾਰਨ ਪ੍ਰੇਸ਼ਾਨੀ ਦੱਸ ਰਹੀ ਹੈ। ਇਹ ਵੀ ਦਿਲਚਸਪ ਗੱਲ ਹੈ ਕਿ ਖ਼ੁਦਕੁਸ਼ੀ ਨੋਟ ’ਚ ਬਲਵਿੰਦਰ ਕੌਰ ਨੇ ਸਿਖਿਆ ਮੰਤਰੀ ਹਰਜੋਤ ਬੈਂਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਦਸਿਆ ਸੀ
ਪਰ ਇਸ ਤੋਂ ਬਾਅਦ ਉਸ ਦੇ ਭਰਾ ਹਰਦੇਵ ਸਿੰਘ ਦੇ ਮੋਬਾਈਲ ’ਚ ਰਿਕਾਰਡ ਆਡੀਉ ਸਾਹਮਣੇ ਆਈ ਸੀ। ਇਸ ਆਧਾਰ 'ਤੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਪੁਲਿਸ ਨੇ ਉਸ ਦੇ ਸਹੁਰੇ ਪ੍ਰਵਾਰ ਦੇ ਮੈਂਬਰਾਂ ਵਿਰੁਧ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਤਰ੍ਹਾਂ ਦੇ ਆਡੀਉ ਤੇ ਬਲਵਿੰਦਰ ਕੌਰ ਦੇ ਖ਼ੁਦਕੁਸ਼ੀ ਨੋਟ ਬਾਅਦ ਮਾਮਲਾ ਉਲਝਦਾ ਦਿਖਾਈ ਦੇ ਰਿਹਾ ਹੈ।
ਇਕ ਪਾਸੇ ਬਲਵਿੰਦਰ ਕੌਰ ਮੰਤਰੀ ਨੂੰ ਖ਼ੁਦਕੁਸ਼ੀ ਨੋਟ ’ਚ ਜ਼ਿੰਮੇਵਾਰ ਠਰਿਹਾ ਰਹੀ ਹੈ ਪਰ ਦੂਜੇ ਪਾਸੇ ਭਰਾ ਤੋਂ ਮਿਲੀ ਆਡੀਉ ਮੁਤਾਬਕ ਇਸ ਘਟਨਾ ਲਈ ਉਸ ਦੇ ਸਹੁਰੇ ਪ੍ਰਵਾਰ ਦੇ ਮੈਂਬਰ ਜ਼ਿੰਮੇਵਾਰ ਹਨ। ਹਾਲੇ ਤਕ ਸਰਕਾਰ ਨੇ ਇਯ ਮਾਮਲੇ ’ਚ ਕੋਈ ਵਿਸ਼ੇਸ਼ ਜਾਂਚ ਕਮੇਟੀ ਵੀ ਗਠਿਤ ਨਹੀਂ ਕੀਤੀ ਜਿਸ ਨਾਲ ਅਸਲੀਅਤ ਸਾਹਮਣੇ ਆ ਸਕੇ। ਇਸ ਤਰ੍ਹਾਂ ਮਾਮਲਾ ਤੱਥਾਂ ’ਚ ਉਲਝਣ ਕਾਰਨ ਸਿਆਸੀ ਰੰਗਤ ਲੈ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਦੇ ਹੱਥ ਸਰਕਾਰ ਦੀ ਘੇਰਾਬੰਦੀ ਲਈ ਮੁੱਦਾ ਹੱਥ ਲੱਗ ਗਿਆ ਹੈ।
ਜਿਹੜੀ ਹੁਣ ਨਵੀਂ ਆਡੀਉ ਸਾਹਮਣੇ ਆਈ ਹੈ, ਉਸ ’ਚ ਬਲਵਿੰਦਰ ਕੌਰ ਕਹਿ ਰਹੀ ਹੈ ਕਿ ਉਸ ਵਲੋਂ ਲਿਖਿਆ ਖ਼ੁਦਕੁਸ਼ੀ ਨੋਟ ਧਰਨੇ ’ਤੇ ਬੈਠੇ ਸਾਥੀ ਅਧਿਆਪਕਾਂ ਨੂੰ ਦੇ ਦਿਤਾ ਜਾਵੇ ਅਤੇ ਉਸ ਦੀ ਮ੍ਰਿਤਕ ਦੇਹ ਵੀ ਸਸਕਾਰ ਲਈ ਉਨ੍ਹਾਂ ਹਵਾਲੇ ਹੀ ਕੀਤੀ ਜਾਵੇ, ਪਰ ਦਿਲਚਸਪ ਗੱਲ ਹੈ ਕਿ ਹਾਲੇ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਮਿਲੀ ਹੀ ਨਹੀਂ ਜਿਸ ਕਰ ਕੇ ਉਸ ਨੂੰ ਤਕਨੀਕੀ ਤੌਰ ’ਤੇ ਮ੍ਰਿਤਕ ਵੀ ਨਹੀਂ ਕਿਹਾ ਜਾ ਸਕਦਾ। ਇਸ ਆਡੀਉ ’ਚ ਉਸ ਨੇ ਅਪਣੇ ਆਪ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦਸਿਆ ਹੈ।
ਦੂਜੇ ਪਾਸੇ ਬਲਵਿੰਦਰ ਕੌਰ ਦੇ ਭਰਾ ਹਰਦੇਵ ਸਿੰਘ ਨੇ ਜੋ ਪੁਲਿਸ ਨੂੰ ਬਿਆਨ ਦਿਤੇ ਹਨ, ਉਸ ’ਚ ਉਸ ਨੇ ਦਸਿਆ ਕਿ ਉਸਦੀ ਭੈਣ ਅਪਣੇ ਪਤੀ ਸੁਪਰੀਤ ਸਿੰਘ ਅਤੇ ਸਹੁਰੇ ਭਾਗ ਸਿੰਘ ਤੋਂ ਪ੍ਰੇਸ਼ਾਨ ਸੀ। ਘਰ ’ਚ ਲੜਕੀ ਪੈਦਾ ਹੋਣ ਬਾਅਦ ਕਲੇਸ਼ ਪੈਦਾ ਹੋਇਆ ਸੀ। ਹਰਦੇਵ ਦਾ ਇਹ ਵੀ ਦਾਅਵਾ ਹੈ ਕਿ ਮਰਨ ਤੋਂ ਪਹਿਲਾਂ ਬਲਵਿੰਦਰ ਕੌਰ ਨੇ ਅਪਣੇ ਪਤੀ ਨੂੰ ਵਾਇਸ ਸੰਦੇਸ਼ ਵੀ ਭੇਜੇ ਸਨ।
ਸਹਾਇਕ ਪ੍ਰੋਫ਼ੈਸਰ ਦਾ ਮਸਲਾ ਹੱਲ ਕਰਨ ਲਈ ਲਗਾਤਾਰ ਯਤਨ ਕੀਤੇ : ਹਰਜੋਤ ਬੈਂਸ
ਬਲਵਿੰਦਰ ਕੌਰ ਵਲੋਂ ਖ਼ੁਦਕੁਸ਼ੀ ਨੋਟ ’ਚ ਲਾਏ ਦੋਸ਼ਾਂ ਬਾਰੇ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਮੇਰਾ ਬਲਵਿੰਦਰ ਕੌਰ ਨਾਲ ਕੋਈ ਸਿੱਧਾ ਸੰਪਰਕ ਜਾਂ ਗੱਲਬਾਤ ਤਾਂ ਨਹੀਂ ਹੋਈ ਪਾਰ ਉਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਦਾ ਮਸਲਾ ਹੱਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਮੀਟਿੰਗਾਂ ਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਲਵਿੰਦਰ ਕੌਰਦੀ ਖ਼ੁਦਕੁਸ਼ੀ ਦੇ ਮਾਮਲੇ ਬਾਰੇ ਕਾਰਨਾਂ ਨੂੰ ਲੈ ਕੇ ਹਾਲੇ ਪੂਰੀ ਜਾਂਚ ਤੋਂ ਪਹਿਲਾਂ ਕੁੱਝ ਕਹਿਣਾ ਠੀਕ ਨਹੀਂ। ਜ਼ਿਲ੍ਹੇ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।