
ਉਤਰ ਭਾਰਤ 'ਚ ਵਧੀ ਠੰਢ, ਦਿੱਲੀ 'ਚ 6.9 ਡਿਗਰੀ ਤਕ ਪਹੁੰਚਿਆ ਘੱਟੋ-ਘੱਟ ਤਾਪਮਾਨ
to
ਨਵੀਂ ਦਿੱਲੀ, 22 ਨਵੰਬਰ : ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ 'ਚ ਠੰਡ ਵਧਣ ਲੱਗੀ ਹੈ । ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਨਾਲ ਸ਼ੀਤ ਲਹਿਰ ਵੀ ਮਹਿਸੂਸ ਹੋਣ ਲੱਗ ਗਈ ਹੈ। ਐਤਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ, ਜੋ 2003 ਦੇ ਬਾਅਦ ਤੋਂ ਨਵੰਬਰ 'ਚ ਸੱਭ ਤੋਂ ਘੱਟ ਤਾਪਮਾਨ ਹੈ। 22 ਨਵੰਬਰ ਨੂੰ ਸਾਲ ਦਾ ਸੱਭ ਤੋਂ ਘੱਟ ਤਾਪਮਾਨ ਅਤੇ ਸੱਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ । ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਪਛਮੀ ਗੜਬੜੀਆਂ ਕਾਰਨ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ। ਉੱਤਰ ਭਾਰਤ ਦੇ ਬਹੁਤੇ ਇਲਾਕਿਆਂ 'ਚ ਸਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪਛਮੀ ਗੜਬੜੀ ਕਾਰਨ ਦੇਸ਼ ਦੇ ਉੱਤਰ-ਪਛਮੀ ਹਿੱਸੇ ਵਲ ਵਧਣ ਕਾਰਨ ਸੋਮਵਾਰ ਨੂੰ ਰਾਤ ਦੇ ਤਾਪਮਾਨ ਵਿਚ ਥੋੜ੍ਹਾ ਜਿਹਾ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਰਿਹਾ । ਇਸ ਦੇ ਨਾਲ ਹੀ, ਦਿੱਲੀ ਦੀ ਹਵਾ ਦੀ ਗੁਣਵੱਤਾ 'ਖਰਾਬ' ਸ਼੍ਰੇਣੀ 'ਚ ਬਣੀ ਹੋਈ ਹੈ।
ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਰਾਜਧਾਨੀ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 4 ਡਿਗਰੀ ਸੈਲਸੀਅਸ ਹੇਠਾਂ ਰਿਹਾ । ਇਸ ਸਬੰਧੀ ਮੌਸਮ ਵਿਭਾਗ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਪਛਮੀ ਗੜਬੜੀ ਦੇ ਪ੍ਰਭਾਵ ਕਾਰਨ ਸੋਮਵਾਰ ਤੋਂ ਘੱਟੋ-ਘੱਟ ਤਾਪਮਾਨ 'ਚ ਦੋ ਤੋਂ ਤਿੰਲ ਡਿਗਰੀ ਵਾਧਾ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦਸਿਆ ਕਿ ਪਹਾੜਾਂ 'ਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਦੀ ਲਹਿਰ ਕਾਰਨ ਤਾਪਮਾਨ ਘੱਟ ਰਿਹਾ ਹੈ। ਰਾਜਸਥਾਨ ਦੇ ਬਹੁਤੇ ਇਲਾਕਿਆਂ 'ਚ ਸਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਰੀਕਾਰਡ ਕੀਤਾ ਗਿਆ। ਰਾਜ ਦੇ ਪਹਾੜੀ ਇਲਾਕੇ ਮਾਊਂਟ ਆਬੂ 'ਚ ਰਾਤ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਰੀਕਾਰਡ ਕੀਤਾ ਗਿਆ।
ਪੰਜਾਬ ਅਤੇ ਹਰਿਆਣਾ 'ਚ ਵੀ ਵੱਧ ਤੋਂ ਵੱਧ ਅਤੇ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ । ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ 'ਚ ਦੋਵਾਂ ਰਾਜਾਂ 'ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ । ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ 'ਚ ਵੀ ਠੰਡ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ 'ਚ ਰਾਜ 'ਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ । (ਪੀਟੀਆਈ)