
ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਮੌਜੂਦਾ ਹਾਲਤ ਨੂੰ ਕਰੇ ਠੀਕ: ਜਥੇਦਾਰ ਬ੍ਰਹਮਪੁਰਾ
ਤਰਨਤਾਰਨ, 22 ਨਵੰਬਰ (ਅਜੀਤ ਸਿੰਘ ਘਰਿਆਲਾ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਬਣੇ ਨਾਜ਼ੁਕ ਹਾਲਤ ਉਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੰਦੋਲਨਕਾਰੀਆਂ ਦੀ ਹੋਈ ਗੱਲਬਾਤ ਤੋਂ ਸਪੱਸ਼ਟ ਹੋਇਆ ਹੈ ਕਿ ਯਾਤਰੂ ਅਤੇ ਮਾਲ ਗੱਡੀਆ ਨੂੰ ਲਾਂਘਾ ਮਿਲਣ ਦੀ ਸੰਭਾਵਨਾ ਹੈ। ਰੇਲ ਆਵਾਜਾਈ ਠੱਪ ਹੋਣ ਨਾਲ ਜਿੱਥੇ ਉਨ੍ਹਾਂ ਆਮ ਲੋਕਾਂ ਨੂੰ ਮੁਸ਼ਕਲ ਆਈ, ਉਥੇ ਖਾਦਾਂ ਅਤੇ ਕੋਲੇ ਦੀ ਘਾਟ ਆਈ। ਇਸ ਅੰਦੋਲਨ ਵਿਚ ਸੂਬੇ ਨੂੰ ਕਰੀਬ 40 ਕਰੋੜ ਤੋਂ ਵੱਧ ਦਾ ਘਾਟਾ ਪਿਆ ਜਿਸ ਲਈ ਮੋਦੀ ਹਕੂਮਤ ਜ਼ਿੰਮੇਵਾਰ ਹੈ।
ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਖੇਤੀ ਨਾ ਰਹੀ ਤਾਂ ਸੱਭ ਕੁੱਝ ਤਹਿਸ ਨਹਿਸ ਹੋ ਜਾਵੇਗਾ। ਕਣਕ ਤੇ ਹੋਰ ਫ਼ਸਲਾਂ ਬੀਜ ਰਿਹਾ ਕਿਸਾਨ ਯੂਰੀਆ ਅਤੇ ਹੋਰ ਖਾਦਾਂ ਤੋਂ ਵਾਂਝਾ ਹੋ ਗਿਆ ਹੈ ਜਿਸ ਦਾ ਝਾੜ ਉਤੇ ਅਸਰ ਪੈ ਸਕਦਾ ਹੈ ਪਰ ਭਾਜਪਾ ਹਕੂਮਤ ਨੂੰ ਕੋਈ ਸਮਝ ਹੀ ਨਹੀਂ ਕਿ ਉਤਪਾਦਨ ਦੇ ਵਾਧੇ ਨਾਲ ਹੀ ਸਾਡੀ ਕਿਸਾਨੀ ਮੁਕਾਬਲੇ ਦੀ ਹੋ ਸਕਦੀ ਹੈ । ਬ੍ਰਹਮਪੁਰਾ ਨੇ ਕਿਹਾ ਕਿ ਦੋਹਾਂ ਧਿਰਾਂ ਦਾ ਕੇਂਦਰ ਤੇ ਅੰਦੋਲਨਕਾਰੀ ਕਿਸਾਨਾਂ ਦਾ ਵਧ ਰਿਹਾ ਟਕਰਾਅ ਬਹੁਤ ਖ਼ਤਰਨਾਕ ਹੈ। ਸਾਡਾ ਮੁਲਕ ਖੇਤੀ ਪ੍ਰਦਾਨ ਦੇਸ਼ ਹੈ, ਜਿੱਥੇ ਖੇਤੀਬਾੜੀ ਨੂੰ ਤਰਜੀਹ ਦੇਣ ਨਾਲ ਹੀ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋ ਸਕਦਾ ਹੈ।
ਕਿਸਾਨ ਦੀ ਮਜ਼ਬੂਤੀ ਨਾਲ ਹੀ ਮਜ਼ਦੂਰ ਦੀ ਵੀ ਅਰਥ ਵਿਵਸਥਾ ਨਿਰਭਰ ਕਰਦੀ ਹੈ। ਉਨ੍ਹਾਂ ਜ਼ੋਰ ਦਿਤਾ ਕਿ ਮੌਜੂਦਾ ਟਕਰਾਅ ਦੀ ਥਾਂ ਮੋਦੀ ਸਰਕਾਰ ਹਾਲਤਾਂ ਨੂੰ ਸੁਖਾਵਾ ਮੋੜਾ ਦੇਣ ਲਈ ਪਹਿਲਕਦਮੀ ਕਰਨ। 26-27 ਨੂੰ ਦਿੱਲੀ ਵਲ ਵੱਧ ਰਹੇ ਕਿਸਾਨ ਨੂੰ ਰਾਹਤ ਮਿਲਣੀ ਚਾਹੀਦੀ ਹੈ ਤਾਂ ਜੋ ਤਣਾਅ ਭਰਿਆ ਮਾਹੌਲ ਠੀਕ ਹੋ ਸਕੇ। ਬ੍ਰਹਮਪੁਰਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕਿਸਾਨ ਮੋਰਚਿਆਂ ਦਾ ਇਤਿਹਾਸ ਚੰਗੀ ਤਰ੍ਹਾਂ ਪੜ ਲਵੇ ਅਤੇ ਨੀਲੀਬਾਰ ਦਾ ਘੋਲ ਇਕ ਇਤਿਹਾਸਿਕ ਹੈ, ਉਸ ਵੇਲੇ ਵੀ ਕਿਸਾਨ ਨੇ ਜੰਗ ਜਿੱਤੀ ਸੀ। ਮੌਜੂਦਾ ਬਣੀਆਂ ਪ੍ਰਸਥਿਤੀਆਂ ਮੋਦੀ ਸਰਕਾਰ ਨੂੰ ਹੀ ਆਖ ਰਹੀਆਂ ਹਨ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਚਲ ਰਿਹਾ ਸੰਘਰਸ਼ ਗੱਲਬਾਤ ਵਿਚ ਬਦਲਣ ਦੇ ਨਾਲ ਹੀ ਅੰਨਦਾਤੇ ਦੇ ਹੱਕ ਵਿਚ ਫ਼ੈਸਲਾ ਕਰੇ ਜਿਸ ਨੇ ਭਾਰਤ ਨੂੰ ਅਨਾਜ ਵਿਚ ਆਤਮ-ਨਿਰਭਰ ਕੀਤਾ ਸੀ। ਉਕਤ ਪ੍ਰੈੱਸ ਬਿਆਨ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ ਐਲ ਏ ਨੇ ਜਾਰੀ ਕੀਤਾ।
ਕੈਪਸ਼ਨ 22-01--- ਰਣਜੀਤ ਸਿੰਘ ਬ੍ਰਹਮਪੁਰਾ ।