
ਕੋਰੋਨਾ ਦੇ ਕੁੱਝ ਟੀਕਿਆਂ ਨਾਲ ਏਡਜ਼ ਜੋਖਮ 'ਚ ਵਾਧੇ ਦੀ ਚਿਤਾਵਨੀ, ਖੋਜ 'ਚ ਦਾਅਵਾ
ਲੰਡਨ, 22 ਨਵੰਬਰ : ਦਿ ਲੈਂਸੇਟ ਮੈਗਜ਼ੀਨ 'ਚ ਖੋਜਕਰਤਾਵਾਂ ਦੇ ਇਕ ਸਮੂਹ ਨੇ ਚਿਤਾਵਨੀ ਦਿਤੀ ਹੈ ਕਿ ਕੋਵਿਡ-19 ਦੇ ਕੁੱਝ ਟੀਕਿਆਂ ਨਾਲ ਲੋਕਾਂ 'ਚ ਏਡਜ਼ ਵਾਇਰਸ ਪ੍ਰਤੀ ਸੰਵੇਦਨਸ਼ੀਲਤਾ ਵਧ ਸਕਦੀ ਹੈ। ਦਰਅਸਲ, ਸਾਲ 2007 'ਚ ਏਡਿਨੋਵਾਇਰਸ-5 ਵੈਕਟਰ ਦੀ ਵਰਤੋਂ ਕਰ ਕੇ ਐਚਆਈਵੀ ਲਈ ਇਕ ਟੀਕਾ ਬਣਾਇਆ ਗਿਆ ਸੀ, ਜਿਸ ਦਾ ਪਲੇਸਿਬੋ-ਕੰਟਰੋਲ ਪ੍ਰੀਖਣ ਕੀਤਾ ਗਿਆ ਸੀ। ਪ੍ਰੀਖਣ 'ਚ ਇਹ ਟੀਕਾ ਅਸਫ਼ਲ ਰਿਹਾ ਤੇ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ 'ਚ ਐਚਆਈਵੀ ਇਨਫ਼ੈਕਸ਼ਨ ਦੀ ਜ਼ਿਆਦਾ ਸੰਭਾਵਨਾ ਸੀ, ਟੀਕਾ ਦਿਤੇ ਜਾਣ ਤੋਂ ਬਾਅਦ ਉਹ ਲੋਕ ਏਡਜ਼ ਦੇ ਵਾਇਰਸ ਦੀ ਲਪੇਟ 'ਚ ਵੱਧ ਆਏ। ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ ਦਖਣੀ ਅਫ਼ਰੀਕਾ 'ਚ ਚੱਲ ਰਹੇ ਇਸ ਟੀਕੇ ਦੇ ਹੋਰ ਅਧਿਐਨ ਨੂੰ ਰੋਕ ਦਿਤਾ ਗਿਆ ਸੀ।
ਹੁਣ ਕੋਵਿਡ-19 ਦੀ ਰੋਕਥਾਮ ਲਈ ਜੋ ਟੀਕੇ ਬਣਾਏ ਜਾ ਰਹੇ ਹਨ, ਉਨ੍ਹਾਂ 'ਚ ਕੁੱਝ ਟੀਕਿਆਂ ਨੂੰ ਬਣਾਉਣ 'ਚ ਵੱਖ-ਵੱਖ ਏਡਿਨੋਵਾਇਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਭਿੰਨ ਏਡਿਵੋਵਾਇਰਸ ਮਾਮੂਲੀ ਸਰਦੀ-ਜ਼ੁਕਾਮ, ਬੁਖ਼ਾਰ, ਡਾਇਰੀਆ ਤੋਂ ਲੈ ਕੇ ਤੰਤਰਿਕਾ ਸਬੰਧੀ ਸਮੱਸਿਆਵਾਂ ਤਕ ਲਈ ਜ਼ਿੰਮੇਵਾਰ ਹੋ ਸਕਦੇ ਹਨ ਪਰ ਕੋਵਿਡ-19 ਦੇ ਚਾਰ ਟੀਕਿਆਂ 'ਚ ਵੈਕਟਰ ਦੇ ਰੂਪ 'ਚ ਏਡਿਨੋਵਾਇਰਸ-5 ਦਾ ਉਪਯੋਗ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਟੀਕਾ ਚੀਨ ਦੀ ਕੇਨਸਾਈਨੋ ਕੰਪਨੀ ਦੁਆਰਾ ਬਣਾਇਆ ਗਿਆ ਹੈ, ਜਿਸ ਦਾ ਪ੍ਰੀਖਣ ਰੂਸ ਅਤੇ ਪਾਕਿਸਤਾਨ 'ਚ ਲਗਭਗ 40,000 ਹਜ਼ਾਰ ਲੋਕਾਂ 'ਤੇ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਸਾਊਦੀ ਅਰਬ, ਬ੍ਰਾਜ਼ੀਲ ਅਤੇ ਮੈਕਸੀਕੋ 'ਚ ਵੀ ਇਸ ਦਾ ਪ੍ਰੀਖਣ ਕਰਨ ਦਾ ਵਿਚਾਰ ਹੈ। ਇਕ ਹੋਰ ਟੀਕਾ ਰੋਸ ਦੇ ਗੇਮਾਲੇਆ ਰਿਸਰਚ ਇੰਸਟੀਚਿਊਟ ਵਲੋਂ ਤਿਆਰ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਏਡੀ-5 ਅਤੇ ਏਡੀ-26 ਵੈਕਟਰ ਦਾ ਉਪਯੋਗ ਕੀਤਾ ਹੈ। (ਏਜੰਸੀ)