
'ਮੈਂ ਨਾ ਸਿਰਫ ਆਪਣੇ ਪਰਿਵਾਰ ਬਲਕਿ ਆਪਣੇ ਹਲਕੇ ਅਤੇ ਸੂਬੇ ਦੇ ਲੋਕਾਂ ਨੂੰ ਵੀ ਪੂਰੀ ਤਰਾਂ ਨਾਲ ਸਮਰਪਿਤ ਹਾਂ'
ਚੰਡੀਗੜ੍ਹ : ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਜਦੋਂ ਵੀ ਮੈਨੂੰ ਸੰਮਨ ਭੇਜਿਆ ਗਿਆ, ਮੈਂ ਈਡੀ ਦੇ ਸਾਹਮਣੇ ਪੇਸ਼ ਹੋਇਆ।
Sukhpal Singh Khaira
ਜਦੋਂ ਮੈਂ ਹਾਲ ਹੀ 'ਚ ਪੇਸ਼ ਹੋਇਆ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਦੂਜੇ ਪਾਸੇ ਖਹਿਰਾ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
Punjab and Haryana High court
ਦੱਸ ਦੇਈਏ ਕਿ ਈਡੀ ਨੇ ਖਹਿਰਾ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਸੁਖਪਾਲ ਖਹਿਰਾ 'ਤੇ ਕਰੀਬ 1 ਲੱਖ ਅਮਰੀਕੀ ਡਾਲਰ ਲਿਆਉਣ ਦਾ ਦੋਸ਼ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਉਹ ਆਮ ਆਦਮੀ ਪਾਰਟੀ 'ਚ ਸਨ ਤਾਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਅਮਰੀਕਾ ਗਏ ਸਨ। ਉਥੇ ਜੋ ਵੀ ਫੰਡ ਇਕੱਠਾ ਹੋਇਆ, ਉਹ ਪਾਰਟੀ ਨੂੰ ਦਿਤਾ ਗਿਆ।
Enforcement Directorate
ਦੱਸ ਦੇਈਏ ਕਿ ਅੱਜ ਸੁਖਪਾਲ ਖਹਿਰਾ ਦੇ ਵਿਆਹ ਦੀ 36 ਵੀਂ ਵਰ੍ਹੇਗੰਢ ਹੈ ਅਤੇ ਉਨ੍ਹਾਂ ਨੇ ਇਸ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ''ਦੋਸਤੋ, ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ। 36 ਸਾਲਾਂ ਦੇ ਇਸ ਸਮੇਂ ਦੋਰਾਨ ਮੇਰੀ ਧਰਮ ਪਤਨੀ ਨੇ ਹਰ ਅੋਖੇ ਸਮੇਂ ਤੇ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਾਥ ਦਿਤਾ ਹੈ। ਅੱਜ ਦੇ ਦਿਨ ਮੈਂ ਮੁੜ ਦੁਹਰਾਂਦਾ ਹਾਂ ਕਿ ਮੈਂ ਨਾ ਸਿਰਫ ਆਪਣੇ ਪਰਿਵਾਰ ਬਲਕਿ ਆਪਣੇ ਹਲਕੇ ਅਤੇ ਸੂਬੇ ਦੇ ਲੋਕਾਂ ਨੂੰ ਵੀ ਪੂਰੀ ਤਰਾਂ ਨਾਲ ਸਮਰਪਿਤ ਹਾਂ।''