
ਪੁਲਿਸ ਨੇ ਦੋਸ਼ੀ ਵਿਰੁਧ ਸਿਰਫ਼ ਧਾਰਾ 295ਏ ਤਹਿਤ ਕੀਤਾ ਚਲਾਨ ਪੇਸ਼
ਬਾਰ ਐਸੋਸੀਏਸ਼ਨ ਨੇ ਰੋਸ ਵਜੋਂ ਕੀਤੀ ਇਕ ਰੋਜ਼ਾ ਹੜਤਾਲ
ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਸੁਖਵਿੰਦਰ ਸੁੱਖੂ): ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਥੇ ਬੱਚੇ ਬੱਚੇ ਦੀ ਜੁਬਾਨ ’ਤੇ ਹਨ ਉਥੇ ਹੀ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਅਤੇ ਇਨ੍ਹਾਂ ਘਟਨਾਵਾਂ ਵਿਚ ਸਾਮਲ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਵਾਲਾ ਪੁਲਿਸ ਪ੍ਰਸ਼ਾਸਨ ਮੁੱਢ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ।
ਪੁਲਿਸ ਦੀ ਕਾਰਗੁਜ਼ਾਰੀ ਅੱਜ ਉਦੋਂ ਮੁੜ ਵਿਵਾਦਾਂ ਵਿਚ ਘਿਰ ਗਈ ਜਦੋਂ ਸਥਾਨਕ ਪੁਲਿਸ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਬੇਅਦਬੀ ਮਾਮਲੇ ਮੁਕੱਦਮਾ ਨੰ: 122 ਮਿਤੀ 13 0921 ਵਿਚ ਕਥਿਤ ਦੋਸ਼ੀ ਪਰਮਜੀਤ ਸਿੰਘ ਵਿਰੁਧ ਪਹਿਲਾਂ ਦਰਜ ਸੰਗੀਨ ਧਾਰਾਵਾਂ 153, 153ਏ, 436, 511 ਆਈਪੀਸੀ ਅਤੇ 18 ਯੂਪੀ ਐਕਟ ਹਟਾ ਕੇ ਸਿਰਫ਼ 295ਏ ਤਹਿਤ ਹੀ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ। ਪੁਲਿਸ ਦੀ ਉਕਤ ਕਾਰਗੁਜ਼ਾਰੀ ਦੇ ਰੋਸ ਵਜੋਂ ਅੱਜ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਮੈਂਬਰਾਨ ਨੇ ਹੜਤਾਲ ਕਰ ਕੇ ਅਪਣੇ ਵਿਰੋਧ ਦਰਜ ਕਰਵਾਇਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸਨ ਸ੍ਰੀ ਅਨੰਦਪੁਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਐਡਵੋਕੇਟ ਰਣਜੀਤ ਸਿੰਘ ਦਿਆਲ ਨੇ ਦਸਿਆ ਕਿ ਪੁਲਿਸ ਵਲੋਂ ਬਿਨਾਂ ਠੋਸ ਤਫ਼ਤੀਸ਼ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਮੁਲਜ਼ਮ ਵਿਰੁਧ ਪਹਿਲਾਂ ਦਰਜ ਸੰਗੀਨ ਧਾਰਾਵਾਂ ਹਟਾ ਕੇ ਦੋਸ਼ੀ ਨੂੰ ਅਦਾਲਤੀ ਕਾਰਵਾਈ ਦੌਰਾਨ ਸਿੱਧਾ ਲਾਭ ਪਹੁੰਚਉਣ ਦੀ ਚਾਲ ਹੈ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਅੱਜ ਬਾਰ ਐਸੋਸੀਏਸਨ ਵਲੋਂ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਹੜਤਾਲ ਕਰ ਕੇ ਅਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸੋਧਿਆ ਚਲਾਨ ਪੇਸ਼ ਨਾ ਕੀਤਾ ਤਦ ਤਕ ਉਹ ਪੰਜਾਬ ਪੱਧਰ ’ਤੇ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਸਥਾਨਕ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਜਦੋਂ ਸੰਪਰਕ ਕੀਤਾ ਗਿਆ ਤਦ ਉਨ੍ਹਾਂ ਕਿਹਾ ਕਿ ਦੋਸ਼ੀ ਦਾ ਬਣਦੀਆਂ ਧਾਰਾਵਾਂ ਤਹਿਤ ਚਲਾਨ ਪੇਸ਼ ਕਰ ਦਿਤਾ ਗਿਆ ਹੈ ਅਤੇ ਇਸ ਸਬੰਧੀ ਜਲਦ ਸਪਲੀਮੈਂਟ ਚਲਾਨ ਵੀ ਪੇਸ਼ ਕੀਤਾ ਜਾ ਰਿਹ ਹੈ।