
- ਵਿਧਾਇਕ ਚੱਢਾ ਵਲੋਂ ਐਂਬੂਲੈਂਸਾਂ ਦੀ ਜਾਂਚ ਤੋਂ ਬਾਅਦ ਕੀਤੀ ਸ਼ਿਕਾਇਤ 'ਤੇ ਹੋਈ ਕਾਰਵਾਈ
ਰੂਪਨਗਰ : ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਜਿਸ ਸਦਕਾ ਲੋਕਾਂ ਨੂੰ ਸਿਹਤ ਸਹੂਲਤਾਂ ਵਿਚ ਚੰਗੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਦਿਨੇਸ਼ ਚੱਢਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਆਮ ਆਦਮੀ ਦੀ ਸਰਕਾਰ ਆਉਂਦਿਆਂ ਸਾਰ ਉਹਨਾਂ ਵੱਲੋਂ 108 ਐਂਬੂਲੈਂਸ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਦਾ ਨੋਟਿਸ ਲਿਆ ਗਿਆ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਇਸ ਸਬੰਧੀ ਲਾਪ੍ਰਵਾਹੀ ਵਰਤਣ ਵਾਲੇ ਮੈਸਰਜ਼ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ, ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਇਸ ਲਿਮਟਿਡ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ।
ਐਡਵੋਕੇਟ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਰੋਪੜ ਦੇ ਵੱਖ-ਵੱਖ ਹਸਪਤਾਲਾਂ ਵਿੱਚ 108 ਐਂਬੂਲੈਂਸਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਸੀ ਜਿੱਥੇ 108 ਐਂਬੂਲੈਂਸਾਂ ਵਿੱਚ ਵੱਡੀਆਂ ਕਮੀਆਂ ਪਾਈਆਂ ਗਈਆਂ ਸਨ। ਸਰਕਾਰੀ ਹਸਪਤਾਲ ਸਿੰਘਪੁਰ (ਨੂਰਪੁਰ ਬੇਦੀ) ਵਿਚ 108 ਐਂਬੂਲੈਂਸ ਵਿਚ ਰੱਖੀ ਆਕਸੀਜਨ ਦੀ ਪਾਈਪ ਹੀ ਨਹੀਂ ਸੀ ਜਦਕਿ ਇਸ ਐਂਬੂਲੈਂਸ ਦੀ ਮਕੈਨੀਕਲ ਸਰਵਿਸ ਵੀ ਕਾਫ਼ੀ ਸਮੇਂ ਤੋਂ ਨਹੀਂ ਹੋਈ ਸੀ, ਇਸੇ ਤਰ੍ਹਾਂ ਸਰਕਾਰੀ ਹਸਪਤਾਲ, ਰੋਪੜ ਦੀ ਐਂਬੂਲੈਂਸ ਵੀ ਆਕਸੀਜਨ ਪਾਈਪਾਂ ਤੋਂ ਬਿਨਾਂ ਸੀ ਅਤੇ ਇੱਥੋਂ ਤੱਕ ਕਿ ਇਸ ਦੇ ਟਾਇਰ ਅਤੇ ਹਾਲਾਤ ਬਹੁਤ ਹੀ ਖ਼ਤਰਨਾਕ ਹਾਲਤ ਵਿਚ ਸਨ ਜੋ ਕਿ ਮੈਸਰਜ਼ ਜ਼ੀਕਿਟਤਜ਼ਾ ਹੈਲਥ ਕੇਅਰ ਲਿਮਟਿਡ ਦੇ ਪ੍ਰਬੰਧਕਾਂ ਦੀ ਅਣਗਹਿਲੀ ਨੂੰ ਦਰਸਾਉਂਦੇ ਸਨ ਤੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਪਾਈਆ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੂਬੇ ਭਰ ਵਿਚ ਸਿਹਤ ਵਿਭਾਗ ਵਲੋਂ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ। ਜਿਸ ਦੇ ਖ਼ਿਲਾਫ਼ ਉਹਨਾਂ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ ਬਤੌਰ ਵਿਧਾਇਕ ਪੱਤਰ ਲਿਖਿਆ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਨੇ ਇਸ ਕੰਪਨੀ ਨੂੰ ਜ਼ੁਰਮਾਨਾ ਲਗਾਇਆ। ਜਿਸ ਕਾਰਨ ਹੁਣ ਸੂਬੇ ਵਿਚ ਚੱਲ ਰਹੀਆਂ 108 ਐਂਬੂਲੈਂਸਾਂ ਵਿਚ ਵੱਡਾ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਜ਼ਿਕਰ ਵੀ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਇਨ੍ਹਾਂ ਐਂਬੂਲੈਂਸਾਂ ਦੀਆਂ ਸੇਵਾਵਾਂ ਵਿਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।