ਟਰੱਕ ਚਾਲਕ ਮੌਕੇ ਤੋਂ ਹੋਇਆ ਫਰਾਰ
ਅਮਰਗੜ੍ਹ (ਸੰਜੇ ਅਬਰੋਲ) : ਨੇੜਲੇ ਪਿੰਡ ਲਾਂਗੜੀਆਂ ਵਿਖੇ ਕੱਲ੍ਹ ਤੜਕੇ ਇਕ ਔਰਤ ਦੀ ਟਰੱਕ ਦੀ ਟੱਕਰ ਵੱਜਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਵੀਰ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਲਾਂਗੜੀਆਂ ਉਮਰ ਤਕਰੀਬਨ 45 ਸਾਲ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਿੰਡ ਲਾਂਗੜੀਆਂ ਵਿਚ ਮੱਥਾ ਟੇਕਣ ਲਈ ਜਾ ਰਹੀ ਸੀ।
ਇਸ ਦੌਰਾਨ ਮਲੇਰ ਕੋਟਲਾ ਵਾਲੀ ਸਾਈਡ ਤੋਂ ਇੱਕ ਟਰੱਕ ਆ ਰਿਹਾ ਸੀ। ਉਸ ਨੇ ਸਾਈਡ ’ਤੇ ਤੁਰੀ ਜਾ ਰਹੀ ਪਰਮਵੀਰ ਕੌਰ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣੇਦਾਰ ਬਲਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਔਰਤ ਦੇ ਪਤੀ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਟਰੱਕ ਦੇ ਡਰਾਈਵਰ ਨੂਰਦੀਨ ਪੁੱਤਰ ਨੱਥੂ ਖਾਂ ਵਾਸੀ ਬੋੜਹਾਈ ਖੁਰਦ ਥਾਣਾ ਸਦਰ ਅਹਿਮਦਗੜ੍ਹ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
