
ਬੱਸੀ ਪਠਾਣਾ ਤੋਂ ਜੇ ਪਾਰਟੀ ਟਿਕਟ ਦੇਵੇ ਤਾਂ ਇੱਕ ਤਰਫ਼ਾ ਖੇਡ ਹੋਵੇਗੀ: ਡਾ. ਮਨੋਹਰ ਸਿੰਘ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ਼ ਕੱਸਣ ਲਈ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਕੰਮ ਹੱਥੀਂ ਕੀਤੇ ਹੋਏ ਹਨ, ਸੁਖਬੀਰ ਬਾਦਲ ਨੂੰ ਕੀ ਪਤਾ, ਜਿਸ ਨੂੰ ਸਭ ਅਪਣੇ ਪਿਤਾ ਤੋਂ ਮਿਲੀਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਹਲਕੇ ਵਿਚ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।
Dr Manohar Singh
ਇਸ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੀ ਬੱਸੀ ਪਠਾਣਾਂ ਦੇ ਇਕ ਪਿੰਡ ਵਿਚ ਪੋਸਟਿੰਗ ਹੋਈ, ਇਸ ਦੌਰਾਨ ਉਹਨਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਇਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਉਹ ਸਿਆਸਤ ਵਿਚ ਆ ਕੇ ਉਹ ਲੋਕਾਂ ਦੀ ਵਧੀਆ ਤਰੀਕੇ ਨਾਲ ਸੇਵਾ ਕਰ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਸਤੀਫਾ ਜ਼ਰੂਰ ਦਿੱਤਾ ਹੈ ਪਰ ਉਹ ਡਾਕਟਰ ਵਜੋਂ ਕੰਮ ਕਰਦੇ ਰਹਿਣਗੇ।
Charanjit Singh Channi
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਗੱਲ ਕਰਦਿਆਂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਨੰਦਪੁਰ ਕਲੌੜ ਪਿੰਡ ਵਿਚ ਪੋਸਟਿੰਗ ਹੋਈ ਤਾਂ ਉਹਨਾਂ ਨੇ ਪਿੰਡ ਦੇ ਹਸਪਤਾਲ ਵਿਚ ਬਹੁਤ ਕੰਮ ਕਰਵਾਇਆ ਅਤੇ ਇਸ ਦੌਰਾਨ ਉਹਨਾਂ ਨੂੰ ਲੋਕਾਂ ਦਾ ਬਹੁਤ ਸਾਥ ਮਿਲਿਆ ਪਰ ਸਿਆਸਤ ਦੇ ਚਲਦਿਆਂ ਉਹਨਾਂ ਦੀ ਛੇ ਮਹੀਨੇ ਬਾਅਦ ਹੀ ਬਦਲੀ ਕਰਵਾ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸਥਾਨਕ ਕਾਂਗਰਸੀ ਵਿਧਾਇਕ ਨੂੰ ਲੱਗਿਆ ਕਿ ਲੋਕ ਮੇਰੇ ਕੋਲ ਜ਼ਿਆਦਾ ਆਉਂਦੇ ਹਨ, ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਕਿਹਾ ਕਿ ਕੋਈ ਵੀ ਹਲਕਾ ਕਿਸੇ ਦੀ ਅਪਣੀ ਸੀਟ ਨਹੀਂ ਹੈ, ਹਰ ਵਿਅਕਤੀ ਅਪਣਾ ਕੰਮ ਕਰਦਾ ਹੈ ਅਤੇ ਪਾਰਟੀ ਦੇਖਦੀ ਹੈ ਕਿ ਕਿਸ ਨੂੰ ਸੀਟ ਦਿੱਤੀ ਜਾਵੇ। ਸੀਟ ਉਸ ਨੂੰ ਮਿਲਣੀ ਚਾਹੀਦੀ ਹੈ, ਜਿਸ ਤੋਂ ਲੋਕ ਖੁਸ਼ ਹੋਣ।
Charanjit Singh Channi
ਉਹਨਾਂ ਕਿਹਾ ਕਿ ਉਹਨਾਂ ਨੇ 16 ਅਗਸਤ ਨੂੰ ਹੀ ਅਪਣੇ ਅਸਤੀਫੇ ਦਾ ਨੋਟਿਸ ਦੇ ਦਿੱਤਾ ਸੀ, ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦੇ ਵੱਡੇ ਭਰਾ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ । ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ‘ਸਾਡੀ ਸਾਂਝ’ ਵਲੋਂ ਲਗਾਤਾਰ ਲੋਕਾਂ ਦੀ ਮੈਡੀਕਲ ਸਹਾਇਤਾ ਕੀਤੀ ਜਾਂਦੀ ਹੈ, ਜਿਸ ਦੇ ਤਹਿਤ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਜਾਂਦੇ ਹਨ ਅਤੇ ਲੋੜਵੰਦਾਂ ਦੇ ਓਪਰੇਸ਼ਨ ਕਰਵਾਏ ਜਾਂਦੇ ਹਨ। ਸੰਸਥਾ ਵਲੋਂ ਕਿਸਾਨ ਮੋਰਚੇ ਵਿਚ ਵੀ ਕੈਂਪ ਲਗਾਏ ਗਏ ਸਨ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਵਿਚ ਆਗੂਆਂ ਵਿਚਾਲੇ ਵਿਚਾਰਕ ਮਤਭੇਦ ਜ਼ਰੂਰ ਰਹਿੰਦੇ ਹਨ। ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਵਿਚ ਸਿਆਸੀ ਉਥਲ ਪੁਥਲ ਹੁੰਦੀ ਹੈ। ਹਰ ਪਾਰਟੀ ਚਾਹੁੰਦੀ ਹੈ ਕਿ ਉਹ ਦੂਜੀ ਪਾਰਟੀ ਦੇ ਬੰਦਿਆਂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰੇ।
Dr Manohar Singh
ਉਹਨਾਂ ਕਿਹਾ ਕਿ ਭਾਜਪਾ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ, ਉਹਨਾਂ ਨੂੰ ਪੰਜਾਬ ਵਿਚ ਕੋਈ ਫਾਇਦਾ ਨਹੀਂ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਉਹਨਾਂ ਨੂੰ ਬੱਸੀ ਪਠਾਣਾ ਤੋਂ ਟਿਕਟ ਦੇਵੇ ਤਾਂ ਇਕ ਤਰਫਾ ਖੇਡ ਹੋਵੇਗੀ। ਮੁੱਖ ਮੰਤਰੀ ਚੰਨੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਸ਼ੁਰੂ ਤੋਂ ਸਾਰੇ ਕੰਮਾਂ ਵਿਚ ਮਾਹਰ ਹਨ। ਉਹਨਾਂ ਨੇ ਕੰਮ ਕੀਤਾ ਹੋਇਆ ਹੈ, ਉਹ ਤਾਂਹੀ ਕਹਿ ਰਹੇ ਹਨ। ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਤਾਂ ਕੋਈ ਕੰਮ ਨਹੀਂ ਕੀਤਾ। ਅਸੀਂ ਸਾਰੇ ਕੰਮ ਹੱਥੀਂ ਕੀਤੇ ਹਨ, ਸੁਖਬੀਰ ਬਾਦਲ ਨੂੰ ਕੀ ਪਤਾ ਜਿਸ ਨੂੰ ਬਾਪੂ ਤੋਂ ਹੀ ਸਭ ਕੁਝ ਮਿਲਿਆ ਹੋਵੇ।