
ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਸਣੇ ਕਈ ਆਗੂਆਂ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ।
ਚੰਡੀਗੜ੍ਹ (ਅਮਨਪ੍ਰੀਤ ਕੌਰ): ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਸਣੇ ਕਈ ਆਗੂਆਂ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ। ਇਸ ਤੋਂ ਬਾਅਦ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਜਮਾਤ ਹੈ। ਖੇਤਰੀ ਪਾਰਟੀ ਹੋਣ ਨਾਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਸਿੱਖਾਂ ਦੇ ਮਸਲੇ ਚੁੱਕਦੀ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਲੈ ਕੇ ਪੰਜਾਬ ਵਿਚ ਨਹੀਂ ਜਾ ਸਕਦੇ।
Karnail Singh Peer Mohammad
ਉਹਨਾਂ ਕਿਹਾ ਕਿ ਅੱਜ ਅਜਿਹਾ ਸਮਾਂ ਹੈ ਜਦੋਂ ਭਾਜਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਹੋਰ ਪਾਰਟੀਆਂ ਦੇ ਆਗੂਆਂ ਨੂੰ ਲਾਲਚ ਦੇ ਕੇ ਅਤੇ ਧਮਕਾ ਕੇ ਅਪਣੀ ਪਾਰਟੀ ਵਿਚ ਸ਼ਾਮਲ ਕਰ ਰਹੀਆਂ ਹਨ, ਇਸ ਨੂੰ ਨੱਥ ਪਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਕਾਫੀ ਲੰਬਾ ਸਮਾਂ ਗੱਲਬਾਤ ਹੋਈ, ਜਿਸ ਵਿਚ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਸੁਝਾਅ ਪਾਰਟੀ ਤੋਂ ਬਾਹਰ ਰਹਿ ਕੇ ਦਿੱਤੇ ਜਾਂਦੇ ਸੀ, ਉਹ ਪਾਰਟੀ ਵਿਚ ਰਹਿ ਕੇ ਦਿੱਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਪਾਰਟੀ ਅਤੇ ਲੋਕਾਂ ਦੇ ਹਿੱਤ ਵਿਚ ਵੱਡੇ ਫੈਸਲੇ ਲਏ ਜਾਣ ਸਕਣ।
Senior Akali leader Ranjit Singh Brahmpura and Others rejoin SAD
ਉਹਨਾਂ ਦਾ ਕਹਿਣਾ ਹੈ ਕਿ ਬਰਗਾੜੀ ਦੇ ਮੁੱਦੇ ’ਤੇ ਢਿੱਲ ਵਰਤੀ ਗਈ, ਇਸ ਗੱਲ਼ ਨੂੰ ਪਾਰਟੀ ਨੇ ਮੰਨਿਆ ਵੀ ਹੈ ਅਤੇ ਮਾਫੀ ਵੀ ਮੰਗੀ ਹੈ। ਉਹਨਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰਨੈਲ ਸਿੰਘ ਨੇ ਕਿਹਾ ਕਿ ਸਾਨੂੰ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ, ਅੱਜ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿਚ ਟਕਸਾਲੀ ਆਗੂਆਂ ਨਾਲ ਸਲਾਹ ਕਰਕੇ ਫੈਸਲੇ ਲਏ ਜਾਣਗੇ।
Capt Amarinder Singh
ਕੈਪਟਨ ਅਮਰਿੰਦਰ ਸਿੰਘ ਬਾਰੇ ਉਹਨਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਕਹਿ ਰਹੇ ਹਨ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਕਿੰਨੀਆ ਸੀਟਾਂ ਦੇਵਾਂਗੇ, ਉਹ ਸਾਡੇ ਫੈਸਲੇ ਕਰਨ ਵਾਲੇ ਕੌਣ ਹੁੰਦੇ ਹਨ। ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਲੈ ਕੇ ਪੰਜਾਬ ਵਿਚ ਨਹੀਂ ਜਾ ਸਕਦੇ। ਉਹਨਾਂ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ, ਹੁਣ ਉਹ ਕੀ ਕਰ ਲੈਣਗੇ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਇਕਜੁੱਟ ਹੋ ਕੇ ਪੰਜਾਬ ਦੀ ਨੁਮਾਇੰਦਗੀ ਕਰੇਗਾ। ਅਸੀਂ ਢੀਂਡਸਾ ਸਾਬ੍ਹ ਨੂੰ ਵੀ ਦੱਸ ਦਿੱਤਾ ਸੀ ਕਿ ਅਸੀਂ ਭਾਜਪਾ ਵਿਚ ਨਹੀਂ ਜਾਵਾਂਗੇ। ਪੰਜਾਬ ਦੇ ਲੋਕ, ਸਿੱਖ ਅਤੇ ਕਿਸਾਨ ਭਾਜਪਾ ਨਾਲ ਨਾਰਾਜ਼ ਹਨ।