
'ਅਸੀ ਜੰਮੇ ਅਕਾਲੀ ਹਾਂ ਤੇ ਮਰਾਂਗੇ ਵੀ ਅਕਾਲੀ'
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਦੇ ਸਰਪ੍ਰਸਤ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬੰਡਾਲੀ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੋਪਾਲ ਸਿੰਘ ਜਾਣੀਆ, ਜਨਰਲ ਸਕੱਤਰ ਅਤੇ ਪਾਰਟੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ,
Ranjit Singh Brahmpura
ਜਨਰਲ ਸਕੱਤਰ ਮਨਮੋਹਨ ਸਿੰਘ ਸਠਿਆਲਾ, ਪੱਛੜੀਆ ਸ੍ਰੈਣੀਆ ਵਿੰਗ ਦੇ ਸਕੱਤਰ ਜਨਰਲ ਕੈਪਟਨ ਅਜੀਤ ਸਿੰਘ ਰੰਗਰੇਟਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਗੁਰਪ੍ਰੀਤ ਸਿੰਘ ਕਲਕੱਤਾ ਜ਼ਿਲ੍ਹਾ ਪ੍ਰਧਾਨ ਦਲਜਿੰਦਰਬੀਰ ਸਿੰਘ ਜਾਣੀਆ, ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਪੰਥਕ ਏਕਤਾ ਸਬੰਧੀ ਬਿਆਨ ਦਾ ਸਵਾਗਤ ਕਰਦਿਆ ਕਿਹਾ ਕਿ ਅਸੀ ਜੰਮੇ ਅਕਾਲੀ ਹਾਂ ਤੇ ਮਰਾਂਗੇ ਵੀ ਅਕਾਲੀ ਪਰ ਬੀਤੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਪਹਿਰੇਦਾਰੀ ਤੋਂ ਥਿੜਕਿਆ ਹੈ ਪਰ ਦੂਜੇ ਪਾਸੇ ਅੱਜ ਪੰਥਕ ਸੋਚ ਨੂੰ ਜਿੰਦਾ ਰੱਖਣ ਲਈ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ।
ਪੰਥ ਵਿਰੋਧੀ ਸ਼ਕਤੀਆ ਦਾ ਮੁਕਾਬਲਾ ਇਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਅਤੇ ਪੰਥ ਦੇ ਭਲੇ ਲਈ ਹਮੇਸ਼ਾ ਪਹਿਲ ਦਿੱਤੀ ਹੈ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹਰੇਕ ਹੁਕਮ ਦੇ ਪਾਬੰਦ ਹਾਂ। ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸੁਨਿਹਰੀ ਇਤਿਹਾਸ ਹੈ ਜਿਸ ਨੂੰ ਮਜ਼ਬੂਤ ਕਰਨ ਲਈ ਧਾਰਮਿਕ ਰਾਜਨੀਤਿਕ ਤੌਰ ਤੇ ਪ੍ਰਪੱਕ ਕਰਨਾ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਹੈ।
ਸਾਡੇ ਪੁਰਖਿਆਂ ਵਲੋਂ ਖੂਨ ਨਾਲ ਸਿੰਜੀ ਇਸ ਮਹਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਵਕਤ ਪੰਜਾਬ ਨੂੰ ਲੁੱਟਣ ਲਈ ਦਿੱਲੀ ਦੀਆਂ ਪਾਰਟੀਆਂ ਧਾੜਵੀਆਂ ਦੀ ਤਰ੍ਹਾਂ ਹਮਲਾਵਰ ਰੁਖ ਅਖਤਿਆਰ ਕਰਨ 'ਤੇ ਤੁਲੀਆ ਹੋਈਆਂ ਹਨ। ਜਿੰਨਾ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਬੇਹੱਦ ਜ਼ਰੂਰੀ ਹੈ ।