
ਹਾਈਕੋਰਟ ਨੇ ਕਿਹਾ- ਰਿਕਾਰਡ 'ਤੇ ਕੁਝ ਨਹੀਂ, ਫੈਕਟਰੀ ਨੂੰ ਕਿਵੇਂ ਬੰਦ ਕੀਤਾ ਜਾਵੇ?
ਚੰਡੀਗੜ੍ਹ: ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਕਿਹਾ ਕਿ ਰਿਕਾਰਡ 'ਤੇ ਅਜਿਹਾ ਕੁਝ ਨਹੀਂ ਹੈ ਕਿ ਉਥੇ ਦਾ ਪਾਣੀ ਸਿਰਫ ਫੈਕਟਰੀ ਨੇ ਹੀ ਦੂਸ਼ਿਤ ਕੀਤਾ ਹੈ। ਅਦਾਲਤ ਨੇ ਕਿਹਾ ਕਿ ਇਹ ਪਾਣੀ; ਕੀਟਨਾਸ਼ਕ ਦਵਾਈ, ਪਰਾਲੀ ਸਾੜਨ ਜਾਂ ਹੋਰ ਕਈ ਕਾਰਨਾਂ ਕਰ ਕੇ ਦੂਸ਼ਿਤ ਹੋ ਸਕਦਾ ਹੈ, ਫਿਰ ਜਦੋਂ ਕੋਈ ਤੱਥ ਨਹੀਂ ਹੈ ਤਾਂ ਅਦਾਲਤ ਫੈਕਟਰੀ ਨੂੰ ਬੰਦ ਕਿਵੇਂ ਕਰ ਸਕਦੀ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਜਨਵਰੀ ਤੱਕ ਟਾਲ ਦਿੱਤੀ ਗਈ ਹੈ। ਅਦਾਲਤ ਨੇ ਕਮੇਟੀ ਨੂੰ ਦੋ ਹਫ਼ਤਿਆਂ ਵਿੱਚ ਮਾਮਲੇ ਦੀ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 4 ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਮਾਹਰ ਕਮੇਟੀਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਪੰਜਾਬ ਦੇ ਸਾਰੇ ਮਾਹਰ ਸ਼ਾਮਲ ਕੀਤੇ ਗਏ ਹਨ। ਫੈਕਟਰੀ ਮਾਲਕ ਦੇ ਵਕੀਲ ਨੇ ਕਿਹਾ ਕਿ ਸਾਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ। ਜਿਸ 'ਤੇ ਅਦਾਲਤ ਨੇ ਕਿਹਾ ਕਿ ਇਹ ਕਮੇਟੀ ਅਦਾਲਤ ਵੱਲੋਂ ਨਹੀਂ ਸਗੋਂ ਸਰਕਾਰ ਵੱਲੋਂ ਬਣਾਈ ਗਈ ਹੈ। ਜਿਸ 'ਤੇ ਸਰਕਾਰ ਨੇ ਜਵਾਬ ਦਿੱਤਾ ਕਿ ਅਸੀਂ ਫੈਕਟਰੀ ਮਾਲਕ ਨੂੰ ਕਮੇਟੀ 'ਚ ਸ਼ਾਮਲ ਕਰਨ ਲਈ ਤਿਆਰ ਹਾਂ।
ਫੈਕਟਰੀ ਦੇ ਵਕੀਲ ਨੇ ਕਿਹਾ ਕਿ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਉਥੇ ਕੀ ਸਥਿਤੀ ਬਣੀ ਹੋਈ ਹੈ, ਕੀ ਫੈਕਟਰੀ ਖੁਦ ਹੀ ਸਭ ਕੁਝ ਪ੍ਰਦੂਸ਼ਿਤ ਕਰ ਰਹੀ ਹੈ ਜਾਂ ਫਿਰ ਪ੍ਰਦੂਸ਼ਣ ਦੇ ਕੁਝ ਹੋਰ ਕਾਰਨ ਹਨ। ਦੂਜੇ ਪਾਸੇ ਸਰਪੰਚ ਦੇ ਵਕੀਲ ਨੇ ਕਿਹਾ ਕਿ ਅਸੀਂ ਫੈਕਟਰੀ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਕ ਹਫ਼ਤਾ ਸਾਡੇ ਕੋਲ ਰਹਿਣ ਅਤੇ ਪਾਣੀ ਪੀਣ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਾਬਤ ਕਰਨ ਦੀ ਕੋਈ ਲੋੜ ਨਹੀਂ ਕਿ ਪਾਣੀ ਦੂਸ਼ਿਤ ਹੈ, ਹੁਣ ਤਾਂ ਸਰਕਾਰ ਵੀ ਇਸ ਨੂੰ ਮੰਨ ਰਹੀ ਹੈ।