
ਘਟਨਾ ਸੀਸੀਟੀਵੀ 'ਚ ਕੈਦ
ਲੁਧਿਆਣਾ : ਪੰਜਾਬ ਦੇ ਲੁਧਿਆਣਾ 'ਚ ਸਨੈਚਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬਾਈਕ ਸਵਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਹਰਗੋਬਿੰਦ ਨਗਰ ਹਿੰਗ ਦੀ ਗਲੀ ਨੰਬਰ 3 ਦਾ ਸਾਹਮਣੇ ਆਇਆ ਹੈ। ਸਨੈਚਰਾਂ ਨੇ ਜਨਰਲ ਸਟੋਰ ਤੋਂ ਸਾਮਾਨ ਲੈ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ।
ਬਦਮਾਸ਼ਾਂ ਨੇ ਉਸ ਨੂੰ ਕਿਹਾ ਕਿ ਹੁਣ ਵਾਲੀਆਂ ਨਹੀਂ ਮਿਲਣਗੀਆਂ। ਬਦਮਾਸ਼ਾਂ ਨੇ ਔਰਤ ਦੀਆਂ ਅੱਖਾਂ 'ਤੇ ਹੱਥ ਰੱਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਚਰਨਜੀਤ ਕੌਰ ਨੇ ਪਹਿਲਾਂ ਸੋਚਿਆ ਕਿ ਉਸ ਦਾ ਲੜਕਾ ਉਸ ਨਾਲ ਮਜ਼ਾਕ ਕਰ ਰਿਹਾ ਹੈ। ਜਿਵੇਂ ਹੀ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤਾਂ ਉਸ ਨੇ ਰੌਲਾ ਪਾ ਦਿੱਤਾ।
ਔਰਤ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਰੌਲਾ ਵੀ ਪਾਇਆ ਪਰ ਗਲੀ 'ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਉਹ ਬੇਵੱਸ ਹੋ ਗਈ। ਔਰਤ ਅਨੁਸਾਰ ਉਸ ਨੇ ਇਹ ਸੋਨੇ ਦੀਆਂ ਵਾਲੀਆਂ ਕਰੀਬ 30 ਸਾਲ ਪਹਿਲਾਂ ਪਹਿਨੀਆਂ ਸਨ। ਵਾਲੀਆਂ ਖਿੱਚਣ ਨਾਲ ਉਸ ਦਾ ਕੰਨ ਵੀ ਜ਼ਖ਼ਮੀ ਹੋ ਗਿਆ। ਔਰਤ ਵੱਲੋਂ ਰੌਲਾ ਪਾਉਣ 'ਤੇ ਇਲਾਕਾ ਨਿਵਾਸੀ ਇਕੱਠੇ ਹੋ ਗਏ।
ਘਟਨਾ ਗਲੀ ਨੰਬਰ 3 ਹਰਗੋਬਿੰਦ ਨਗਰ ਹਿੰਗ ਦੀ ਹੈ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਔਰਤ ਦੀ ਪਛਾਣ ਚਰਨਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਔਰਤ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।