ਕਿਸਾਨਾਂ ਵਲੋਂ ਦੇਸ਼ੀ ਤਰੀਕਿਆਂ ਨਾਲ ਟਿੱਡੀਆਂ ਨੂੰ ਭਜਾਉਣ ਦੀ ਕੋਸ਼ਿਸ਼
ਜਲਾਲਾਬਾਦ : ਰਾਜਸਥਾਨ 'ਚ ਫ਼ਸਲਾਂ 'ਤੇ ਕਹਿਰ ਢਾਹੁਣ ਤੋਂ ਬਾਅਦ ਹੁਣ ਟਿੱਡੀ ਦਲ ਦੇ ਪੰਜਾਬ ਅੰਦਰ ਦਾਖ਼ਲੇ ਦੇ ਚਰਚੇ ਹਨ। ਭਾਵੇਂ ਅਜੇ ਤਕ ਟਿੱਡੀ ਦਲ ਝੂੰਡਾਂ ਦੇ ਰੂਪ ਵਿਚ ਨਹੀਂ ਪਹੁੰਚਿਆ ਪਰ ਕੁੱਝ ਇਲਾਕਿਆਂ 'ਚ ਇਸ ਦੀ ਆਮਦ ਦੇ ਸੰਕੇਤ ਮਿਲੇ ਹਨ। ਇਸ ਕਾਰਨ ਕਿਸਾਨਾਂ ਅੰਦਰ ਖਲਬਲੀ ਮਚੀ ਹੋਈ ਹੈ। ਕਿਸਾਨ ਰਵਾਇਤੀ ਤਰੀਕਿਆਂ ਨਾਲ ਟਿੱਡੀ ਦਲ ਦੇ ਟਾਕਰੇ ਲਈ ਕਮਰਕੱਸੇ ਕਰ ਰਹੇ ਹਨ।
ਮੀਡੀਆ ਰਿਪੋਰਟ ਮੁਤਾਬਕ ਜਲਾਲਾਬਾਦ ਦੇ ਪਿੰਡ ਸਿੰਘੇ ਵਾਲਾ, ਮੁਹੰਮਦੇਵਾਲਾ ਫੱਤੂਵਾਲਾ, ਹਜਾਰਾ ਰਾਮ ਸਿੰਘ ਵਾਲਾ, ਟਾਹਲੀਵਾਲਾ ਸਮੇਤ ਦਰਜਨਾਂ ਪਿੰਡਾਂ ਅੰਦਰ ਟਿੱਡੀ ਦਲ ਦੀ ਆਮਦ ਦੇ ਸਬੂਤ ਮਿਲੇ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨ ਧੂੰਆਂ ਧੁਖਾ ਕੇ, ਥਾਲੀਆਂ ਖੜਕਾ ਕੇ ਅਤੇ ਡੀਜੇ ਵਜਾਣ ਜਿਹੇ ਦੇਸੀ ਤਰੀਕਿਆਂ ਨਾਲ ਟਿੱਡੀਆਂ ਨੂੰ ਭਜਾਉਣ ਲਈ ਯਤਨਸ਼ੀਲ ਹਨ।
ਕਿਸਾਨਾਂ ਅਨੁਸਾਰ ਉਨ੍ਹਾਂ ਵਲੋਂ ਰਾਜਸਥਾਨ ਅੰਦਰ ਢਿੱਡੀ ਦਲ ਵਲੋਂ ਮਚਾਈ ਤਬਾਹੀ ਬਾਰੇ ਕਈ ਦਿਨਾਂ ਤੋਂ ਸੁਣਿਆ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਅਪਣੇ ਇਲਾਕੇ ਅੰਦਰ ਟਿੱਡੀ ਦਲ ਆਉਣ ਦੇ ਚਰਚਿਆਂ ਦਰਮਿਆਨ ਅਪਣੀਆਂ ਫ਼ਸਲਾਂ ਦੀ ਬਰਬਾਦੀ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਅਨੁਸਾਰ ਉਨ੍ਹਾਂ ਦੇ ਖੇਤਾਂ ਵਿਚ ਕਿੱਧਰੇ ਕਿੱਧਰੇ ਟਿੱਡੀਆਂ ਦੀ ਮੌਜੂਦਗੀ ਤੋਂ ਉਨ੍ਹਾਂ 'ਚ ਘਬਰਾਹਟ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਇਸ ਪਾਸੇ ਤੁਰਤ ਧਿਆਨ ਦੇਣ ਦੀ ਮੰਗ ਕੀਤੀ ਹੈ।
ਖੇਤੀਬਾੜੀ ਮਾਹਿਰ ਸਰਵਣ ਕੁਮਾਰ ਅਨੁਸਾਰ ਉਨ੍ਹਾਂ ਨੂੰ ਜਲਾਲਾਬਾਦ ਇਲਾਕੇ ਅੰਦਰ ਟਿੱਡੀ ਦੀ ਆਮਦ ਸਬੰਧੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸੂਚਨਾਵਾਂ ਅਨੁਸਾਰ ਟਿੱਡੀ ਦਲ ਝੁੰਡਾਂ ਵਿਚ ਨਹੀਂ ਹੈ ਤੇ ਇਸ ਦੀ ਗਿਣਤੀ ਅਜੇ ਤਕ 1 ਫ਼ੀ ਸਦੀ ਦੇ ਕਰੀਬ ਹੀ ਹੈ।
ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਖ਼ਾਤਮੇ ਲਈ ਰਾਜਸਥਾਨ ਅੰਦਰ ਤਾਕਤਵਰ ਸਪਰੇਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਟਿੱਡੀ ਦਲ ਦਾ ਖ਼ਾਤਮਾ ਕਰ ਦਿਤਾ ਗਿਆ ਹੈ ਪਰ ਕੁੱਝ ਬੇਹੋਸ਼ੀ ਦੀ ਹਾਲਤ ਵਿਚ ਟਿੱਡੀਆਂ ਹੀ ਇਧਰ ਪਹੁੰਚ ਰਹੀਆਂ ਹਨ।
ਇਸੇ ਦੌਰਾਨ ਖੇਤੀਬਾੜੀ ਅਧਿਕਾਰੀ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਟਿੱਡੀ ਦਲ ਦੇ ਦਾਖ਼ਲੇ ਦੀ ਸੂਚਨਾ ਵਿਭਾਗ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਢਿੱਡੀ ਦਲ ਨੂੰ ਭਜਾਉਣ ਦੇ ਤਰੀਕੇ ਵੀ ਸੁਝਾਏ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਉਨ੍ਹਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ। ਟਿੱਡੀ ਦਲ ਦੇ ਝੁੰਡਾਂ ਦੇ ਰੂਪ ਵਿਚ ਆਉਣ ਦੀ ਸੂਰਤ ਵਿਚ ਵਿਭਾਗ ਵਲੋਂ ਲੋੜੀਂਦੇ ਕਦਮ ਚੁੱਕੇ ਜਾਣਗੇ।