
ਸਮਾਜਵਾਦੀ ਪਾਰਟੀ ਦਾ ਅੰਗ ਬਣਿਆ ਭਾਰਤ ਦਾ ਸੱਭ ਤੋਂ ਲੰਮੇ ਕੱਦ ਵਾਲਾ ਵਿਅਕਤੀ
8 ਫ਼ੁਟ 2 ਇੰਚ ਹੈ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਧਰਮਿੰਦਰ ਪ੍ਰਤਾਪ ਸਿੰਘ ਦਾ ਕੱਦ
ਲਖਨਊ, 23 ਜਨਵਰੀ : ਯੂਪੀ ਵਿਧਾਨ ਸਭਾ ਚੋਣਾਂ ਵਿਚ ਕੋਈ ਵੀ ਪਾਰਟੀ ਪ੍ਰਚਾਰ ਅਤੇ ਪ੍ਰਸਿੱਧੀ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਗੁਆਉਣਾ ਚਾਹੁੰਦੀ | ਅਜਿਹਾ ਹੀ ਕੁੱਝ ਬੀਤੇ ਕਲ ਦੇਖਣ ਨੂੰ ਮਿਲਿਆ, ਜਦੋਂ ਦੇਸ਼ ਦਾ ਸੱਭ ਤੋਂ ਲੰਮੇ ਕੱਦ ਵਾਲਾ ਵਿਅਕਤੀ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਿਆ | ਇਸ ਮੌਕੇ ਧਰਮਿੰਦਰ ਪ੍ਰਤਾਪ ਸਿੰਘ ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਖ਼ੁਦ ਵੀ ਨਜ਼ਰ ਆਏ | ਇਕ ਬਿਆਨ ਵਿਚ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਅਖਿਲੇਸ਼ ਯਾਦਵ ਦੀ ਅਗਵਾਈ ਵਿਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਅੱਜ ਪ੍ਰਤਾਪਗੜ੍ਹ ਦੇ ਧਰਮਿੰਦਰ ਪ੍ਰਤਾਪ ਸਿੰਘ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ | ਉਤਰ ਪ੍ਰਦੇਸ਼ ਦੇ ਪ੍ਰਧਾਨ ਨਰੇਸ਼ ਉਤਮ ਪਟੇਲ ਨੇ ਧਰਮਿੰਦਰ ਪ੍ਰਤਾਪ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਉਮੀਦ ਜਤਾਈ ਕਿ ਉਨ੍ਹਾਂ ਦੇ ਆਉਣ ਨਾਲ ਸਮਾਜਵਾਦੀ ਪਾਰਟੀ ਮਜ਼ਬੂਤ ਹੋਵੇਗੀ | ਧਰਮਿੰਦਰ ਪ੍ਰਤਾਪ ਸਿੰਘ ਦੀ ਉਮਰ 46 ਸਾਲ ਹੈ ਅਤੇ ਭਾਰਤ ਦਾ ਸੱਭ ਤੋਂ ਉੱਚਾ ਕੱਦ 8 ਫ਼ੁਟ 2 ਇੰਚ ਹੈ | ਜਾਣਕਾਰੀ ਅਨੁਸਾਰ ਸੱਭ ਤੋਂ ਲੰਮਾ ਕੱਦ ਹੋਣ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਵਿਚ ਵੀ ਦਰਜ ਹੋ ਚੁਕਾ ਹੈ | (ਪੀਟੀਆਈ)