
ਅਗਲੇ ਦਿਨ ਸਵੇਰੇ 7:25 ਤੇ ਪਹੁੰਚਾਏਗੀ ਪ੍ਰਯਾਗਰਾਜ
Bus service started by CTU for the ongoing Mahakumbh in Prakaraj News: ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਮਹਾਂਕੁੰਭ 2025 ਲਈ 23 ਜਨਵਰੀ ਤੋਂ 26 ਫ਼ਰਵਰੀ ਤਕ ਆਈਐਸਬੀਟੀ-17 ਵਿਚ ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਬੱਸ ਸੇਵਾ ਸ਼ੁਰੂ ਕੀਤੀ।
ਸਕੱਤਰ ਵਿੱਤ ਅਤੇ ਸਕੱਤਰ ਟਰਾਂਸਪੋਰਟ ਦੀਪਰਵਾ ਲਾਕਰਾ ਨੇ ਮਹਾਕੁੰਭ ਮੇਲੇ ਲਈ ਜਾਣ ਵਾਲੀ ਸੀਟੀਯੂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੀਟੀਯੂ ਦੇ ਡਾਇਰੈਕਟਰ ਟਰਾਂਸਪੋਰਟ-ਕਮ-ਡਿਵੀਜ਼ਨਲ ਮੈਨੇਜਰ ਪ੍ਰਦਿਊਮਨ ਸਿੰਘ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਇਕ ਵੱਕਾਰੀ ਅਧਿਆਤਮਕ ਮੇਲਾ, ਮਹਾਂਕੁੰਭ ਚੱਲ ਰਿਹਾ ਹੈ ਅਤੇ 26 ਫਰਵਰੀ, 2025 ਤਕ ਜਾਰੀ ਰਹੇਗਾ।
ਇਸ ਲਈ ਚੰਡੀਗੜ੍ਹ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸੀਟੀਯੂ ਨੇ ਆਈਐਸਬੀਟੀ-17 ਤੋਂ ਮਹਾਂਕੁੰਭ ਲਈ ਬੱਸ ਯਾਤਰਾ ਸਹੂਲਤ ਸ਼ੁਰੂ ਕੀਤੀ। ਇਹ ਬੱਸ ਚੰਡੀਗੜ੍ਹ ਤੋਂ ਦਿੱਲੀ, ਸਿਕੰਦਰਾਬਾਦ ਅਤੇ ਕਾਨਪੁਰ ਹੁੰਦੇ ਹੋਏ ਪ੍ਰਯਾਗਰਾਜ ਜਾਵੇਗੀ। ਬੱਸ ਦਾ ਕਿਰਾਇਆ 1660 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਹ ਬੱਸ ਰੋਜ਼ਾਨਾ 12 ਵਜੇ ਚੰਡੀਗੜ੍ਹ ਤੋਂ ਚਲੇਗੀ।
19 ਘੰਟੇ 25 ਮਿੰਟ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਗਲੇ ਦਿਨ ਯਾਤਰੀਆਂ ਨੂੰ ਸਵੇਰੇ 7.25 ਤੇ ਪ੍ਰਯਾਗਰਾਜ ਨਹਿਰੂ ਪਾਰਕ ਪਹੁੰਚਾਏਗੀ। ਪ੍ਰਯਾਗਰਾਜ ਨਹਿਰੂ ਪਾਰਕ ਤੋਂ ਸ਼ਾਮ ਪੰਜ ਵਜੇ ਚੰਡੀਗੜ੍ਹ ਲਈ ਰਵਾਨਾ ਹੋਵੇਗੀ| ਅਗਲੇ ਦਿਨ ਦੁਪਹਿਰ 12: 25 ਮਿੰਟ ਤੇ ਆਈਐਸਬੀਟੀ ਸੈਕਟਰ 17 ਚੰਡੀਗੜ੍ਹ ਪਹੁੰਚੇਗੀ। ਇਸ ਮੌਕੇ ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਸ਼ਰਧਾਲੂ ਪ੍ਰਯਾਗਰਾਜ ਲਈ ਸੀਟੀਯੂ ਮੁਸਾਫਿਰ ਐਪ ਤੋਂ ਆਨਲਾਈਨ ਬੱਸ ਬੁੱਕ ਕਰ ਸਕਦੇ ਹਨ।