
ਵਿਧਾਇਕ ਨਾਰੰਗ ਦਾ ਵਿਧਾਨ ਸਭਾ 'ਚ ਦੋਸ਼, ਮੰਤਰੀ ਨੇ ਇਸ ਦਾ ਜਵਾਬ ਨਾ ਦਿਤਾ........
ਚੰਡੀਗੜ੍ਹ : ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੇ ਵਿਧਾਨ ਸਭਾ ਵਿਚ ਦੋਸ਼ ਲਗਾਇਆ ਕਿ ਬਿਜਲੀ ਮਹਿਕਮੇ ਵਿਚ ਹਰ ਕਦਮ 'ਤੇ ਰਿਸ਼ਵਤ ਹੈ। ਉਨ੍ਹਾਂ ਦਸਿਆ ਕਿ ਬਿਜਲੀ ਦੇ ਕੁਨੈਕਸ਼ਨ ਲੈਣ ਸਮੇਂ ਅਧਿਕਾਰੀ ਅਤੇ ਕਰਮਚਾਰੀ ਇਕ ਖੰਬੇ ਪਿਛੇ ਇਕ ਹਜ਼ਾਰ ਰੁਪਏ ਅਤੇ ਤਾਰਾਂ ਆਉਣ ਲਈ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਦੇ ਹਨ। ਇਹ ਦੋਸ਼ ਉਨ੍ਹਾਂ ਨੇ ਅਪਣਾ ਸਵਾਲ ਰਖਦਿਆਂ ਲਗਾਏ। ਉਨ੍ਹਾਂ ਪੁਛਿਆ ਸੀ ਕਿ ਵਿਧਾਨ ਸਭਾ ਹਲਕਾ ਅਬੋਹਰ ਦੇ ਸਾਰੇ ਘਰਾਂ ਅਤੇ ਢਾਣੀਆਂ ਨੂੰ ਬਿਜਲੀ ਸਪਲਾਈ ਕਰਨ ਦੀ ਕੋਈ ਸਕੀਮ ਚਲ ਰਹੀ ਹੈ।
Arun Narang
ਇਸ ਸਕੀਮ ਲਈ ਕੇਂਦਰ ਸਰਕਾਰ ਕਿੰਨੇ ਫ਼ੰਡ ਮੁਹਈਆ ਕਰਵਾਉਂਦੀ ਹੈ ਅਤੇ ਪੰਜਾਬ ਸਰਕਾਰ ਕਿੰਨੇ। ਬਿਜਲੀ ਮਹਿਕਮੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੋਈ ਜਵਾਬ ਨਾ ਦਿਤਾ। ਨਾ ਹੀ ਉਨ੍ਹਾਂ ਇਹ ਸਪਸ਼ਟ ਕੀਤਾ ਕਿ ਇਸ ਸਕੀਮ ਲਈ ਕੇਂਦਰ ਸਰਕਾਰ ਕਿੰਨੇ ਫ਼ੰਡ ਮੁਹਈਆ ਕਰਵਾਉਂਦੀ ਹੈ। ਉਨ੍ਹਾਂ ਸਿਰਫ਼ ਇਹ ਦਸਿਆ ਕਿ ਪੰਜਾਬ ਸਰਕਾਰ ਨੇ 3.70 ਕਰੋੜ ਦੀ ਰਕਮ ਦਸੰਬਰ 20,2018 ਨੂੰ ਜਾਰੀ ਕਰ ਦਿਤੀ ਸੀ।
ਮੰਤਰੀ ਨੇ ਇਹ ਵੀ ਦਸਿਆ ਕਿ ਅਬੋਹਰ ਹਲਕੇ ਵਿਚ 170 ਬੇਲਗਾਮ ਢਾਣੀਆਂ ਅਤੇ 72 ਚਿਰਾਮ ਢਾਣੀਆਂ ਹਨ। ਇਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜ ਦਿਤਾ ਜਾਵੇਗਾ। ਬਿਜਲੀ ਦੇਣ ਸਬੰਧੀ ਕੰਮ ਚਲ ਰਿਹਾ ਹੈ ਅਤੇ ਚਾਰ ਮਹੀਨਿਆਂ ਵਿਚ ਕੰਮ ਮੁਕੰਮਲ ਹੋ ਜਾਵੇਗਾ।