
ਹਿਮਾਚਲ ਪ੍ਰਦੇਸ਼ ਵਿਚ 10 ਸਾਲ ਪਹਿਲਾਂ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਵਜੋਂ ਮਿਲਿਆ ਰੁਤਬਾ ਖੋਹ ਕੇ ਉਥੇ ਵਸਦੇ ਲੱਖਾਂ ਪੰਜਾਬੀਆਂ 'ਤੇ ਸੰਸਕ੍ਰਿਤ ਥੋਪੇ ਜਾਣ.........
ਨੰਗਲ : ਹਿਮਾਚਲ ਪ੍ਰਦੇਸ਼ ਵਿਚ 10 ਸਾਲ ਪਹਿਲਾਂ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਵਜੋਂ ਮਿਲਿਆ ਰੁਤਬਾ ਖੋਹ ਕੇ ਉਥੇ ਵਸਦੇ ਲੱਖਾਂ ਪੰਜਾਬੀਆਂ 'ਤੇ ਸੰਸਕ੍ਰਿਤ ਥੋਪੇ ਜਾਣ 'ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਧੱਕਾ ਅਤੇ ਮਤਰੇਈ ਮਾਂ ਵਾਲਾ ਸਲੂਕ ਹੈ। ਇਥੇ ਕੋਈ ਅਜਿਹਾ ਲੀਡਰ ਨਹੀਂ ਹੈ ਜੋ ਪੰਜਾਬੀ ਭਾਸ਼ਾ ਸਬੰਧੀ ਮੁੱਦਾ ਉਠਾਵੇ। ਜੇਕਰ ਥੋੜਾ ਬਹੁਤ ਦਰਦ ਹੈ ਤਾਂ ਸਿਰਫ਼ ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਹੈ, ਜਿਨ੍ਹਾਂ ਨੇ ਹਫ਼ਤਾ ਪਹਿਲਾ ਹਾਅ ਦਾ ਨਾਹਰਾ ਮਾਰਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਚੁੱਕੇ ਹਨ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਿਮਾਚਲ ਸਿੱਖ ਫ਼ੈਡਰੇਸ਼ਨ ਦੇ ਪ੍ਰਧਾਨ ਗੁਰਮੇਜ ਸਿੰਘ ਪੂਬੋਵਾਲ ਨੇ ਹਿਮਾਚਲ ਪ੍ਰਦੇਸ ਦੇ ਲੋਕਾਂ ਦੇ ਰੋਸ ਪ੍ਰਦਰਸ਼ਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਲੋਕਾਂ ਨਾਲ ਹਮੇਸ਼ਾਂ ਧੱਕਾ ਹੋਇਆ ਹੈ। ਭਾਜਪਾ ਤੇ ਆਰ.ਐਸ.ਐਸ ਨੇ ਪੰਜਾਬੀਆਂ ਨੂੰ ਹਮੇਸ਼ਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹਿਮਾਚਲ ਵਿਚ 30 ਫ਼ੀ ਸਦੀ ਤੋ ਵੱਧ ਪੰਜਾਬੀ ਲੋਕ ਰਹਿੰਦੇ ਹਨ। ਜਦਕਿ ਇਕ ਫ਼ੀ ਸਦੀ ਲੋਕ ਸੰਸਕ੍ਰਿਤ ਭਾਸ਼ਾ ਵੀ ਨਹੀਂ ਬੋਲਦੇ। ਉਨ੍ਹਾਂ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਵੀ ਰੋਸ ਪ੍ਰਗਟ ਕੀਤਾ।
ਉਨ੍ਹਾਂ ਕਿਆ ਕਿ ਜੇਕਰ ਹਿਮਾਚਲ ਵਿੱਚ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਨਾ ਦਿਤਾ ਤਾਂ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਮਜਬੂਰਨ ਅੰਦੋਲਨ ਦੇ ਰਾਹ 'ਤੇ ਚੱਲਣਾ ਪਵੇਗਾ। ਇਸ ਮੌਕੇ ਅਵਤਾਰ ਸਿੰਘ ਖ਼ਾਲਸਾ, ਅਰਜਨ ਸਿੰਘ, ਦਲਜੀਤ ਸਿੰਘ, ਜੋਗਿੰਦਰ ਸਿੰਘ ਮੰਝ, ਹਿਤਕਾਰ ਸਿੰਘ, ਹਰਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਸਮੇਤ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।