
ਲਾਲ ਕਿਲ੍ਹਾ ਹਿੰਸਾ : ਅਦਾਲਤ ਨੇ ਦੀਪ ਸਿੱਧੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ
ਨਵੀਂ ਦਿੱਲੀ, 23 ਫ਼ਰਵਰੀ : ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਮੰਗਲਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਹੈ | ਸਿੱਧੂ ਨੂੰ ਇਸ ਮਾਮਲੇ 'ਚ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਖ਼ਤਮ ਹੋਣ ਦੇ ਬਾਅਦ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਪੁਲਿਸ ਵਲੋਂ ਸਿੱਧੂ ਨੂੰ ਲਾਲ ਕਿਲ੍ਹੇ ਦੀ ਘਟਨਾ ਲਈ ਭੜਕਾਉਣ ਵਾਲਾ ਮੁੱਖ ਦੋਸ਼ੀ ਦੱਸੇ ਜਾਣ 'ਤੇ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜਿਆ ਸੀ | ਦੀਪ ਸਿੱਧੂ ਨੂੰ 8 ਫ਼ਰਵਰੀ ਦੀ ਰਾਤ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਦੀਪ ਸਿੱਧੂ ਨੂੰ ਅਦਾਲਤ ਨੇ 9 ਫ਼ਰਵਰੀ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਸੀ | ਪੁਲਿਸ ਨੇ ਇਹ ਕਹਿੰਦੇ ਹੋਏ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਕਿ ਅਜਿਹੀਆਂ ਵੀਡਿਉ ਹਨ ਜਿਨ੍ਹਾਂ ਵਿਚ ਸਿੱਧੂ ਨੂੰ ਕਥਿਤ ਤੌਰ 'ਤੇ ਘਟਨਾ ਸਥਾਨ 'ਤੇ ਦੇਖਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਸਿੱਧੂ ਵਿਰੁਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | (ਪੀਟੀਆਈ)