
ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਬੰਧਤ ਧਾਰਮਕ ਸਮਾਗਮ ਕਰਵਾਇਆ
ਅੰਮ੍ਰਿਤਸਰ, 23 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਅਦਾਰਿਆਂ ਵਿਚ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਚੀਫ਼ ਖ਼ਾਲਸਾ ਦੀਵਾਨ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਗੁਰਦਵਾਰੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਰੰਭ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਦੇ ਵਿਦਿਆਰਥੀਆਂ ਅਤੇ ਹੋਰ ਰਾਗੀ ਜਥਿਆਂ ਵਲੋਂ ਰੱਬੀ ਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਕੀਤਾ ਗਿਆ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ, ਗਿਆਨੀ ਮਾਨ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ, ਜਿਨ੍ਹਾਂ ਗੁਰਦਵਾਰਾ ਸੁਧਾਰ ਲਹਿਰ ਅਤੇ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਰੱਖਣ ਹਿਤ ਭਾਈ ਲਛਮਣ ਸਿੰਘ ਅਤੇ ਹੋਰ ਸਿੰਘ ਯੋਧਿਆਂ ਵਲੋਂ ਦਿਤੀਆਂ ਬੇਮਿਸਾਲ ਕੁਰਬਾਨੀਆਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਮੁਖੀ ਅਤੇ ਸੀ.ਕੇ.ਡੀ ਸਕੂਲਜ਼ ਚੇਅਰਮੈਨ ਸ.ਭਾਗ ਸਿੰਘ ਅਣਖੀ ਨੇ ਕਿਹਾ ਕਿ ਜਿਨ੍ਹਾਂ ਕੌਮਾਂ ਦੇ ਇਤਿਹਾਸ ਕੁਰਬਾਨੀਆਂ ਅਤੇ ਜਜ਼ਬਿਆਂ ਨਾਲ ਭਰਪੂਰ ਹੁੰਦੇ ਹਨ, ਉਹ ਕੌਮਾਂ ਸੰਸਾਰ ਵਿਚ ਸੂਰਜ ਵਾਂਗ ਚਮਕਦੀਆਂ ਹਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ: ਸੂਬਾ ਸਿੰਘ ਵਲੋਂ ਨਿਭਾਈ ਗਈ। ਸ.ਅਣਖੀ ਅਤੇ ਹੋਰਨਾਂ ਮੈਂਬਰ ਸਾਹਿਬਾਨ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਬਖ਼ਸ਼ੇ ਆਦਰਸ਼ਾਂ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਣਾ ਦਿਤੀ। ਇਸ ਮੌਕੇ ਗਿਆਨੀ ਮਾਨ ਸਿੰਘ ਅਤੇ ਐਸ.ਜੀ.ਪੀ.ਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੂੰ ਯਤੀਮਖਾਨਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।