
ਯੂਕਰੇਨ-ਰੂਸ ਤਣਾਅ ਦੇ ਚਲਦਿਆਂ ਵਿਦਿਆਰਥੀਆਂ ਦੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ
ਹੁਸ਼ਿਆਰਪੁਰ (ਪੰਕਜ ਨਾਂਗਲਾ): ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦੇ ਚਲਦਿਆਂ ਕਈ ਭਾਰਤੀ ਇਸ ਜੰਗ ਵਿਚ ਫਸੇ ਹੋਏ ਹਨ। ਰੂਸ ਨੇ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਪੰਜਾਬ ਦੇ ਕਈ ਪਰਿਵਾਰ ਚਿੰਤਤ ਹਨ ਅਤੇ ਉਹ ਅਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਹਨ। ਦਰਅਸਲ ਪੰਜਾਬ ਦੇ ਕਈ ਪਰਿਵਾਰਾਂ ਦੇ ਬੱਚੇ ਉਚੇਰੀ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ।
Family members of Indian students in Ukraine
ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਖੁਰਦਾ ਨਿਵਾਸੀ ਹਰਜਿੰਦਰ ਸਿੰਘ ਪਿਛਲੇ 26 ਸਾਲ ਤੋਂ ਅਪਣੀ ਪਤਨੀ ਅਤੇ 17 ਸਾਲਾ ਬੇਟੀ ਨਾਲ ਉੱਥੋਂ ਦੇ ਸ਼ਹਿਰ ਖਾਕ ਕੋਬ ਵਿਚ ਰਹਿ ਰਹੇ ਹਨ। ਉਹ ਇਕ ਕੱਪੜਾ ਵਪਾਰੀ ਹਨ। ਰੂਸ ਨਾਲ ਚੱਲ ਰਹੇ ਤਣਾਅ ਕਾਰਨ ਹਰਜਿੰਦਰ ਸਿੰਘ ਦਾ ਕਾਰੋਬਾਰ ਠੱਪ ਹੋ ਗਿਆ ਹੈ।
ਹਰਜਿੰਦਰ ਸਿੰਘ ਨੇ ਵਟਸਐਪ ਰਾਹੀਂ ਗੱਲਬਾਤ ਦੌਰਾਨ ਦੱਸਿਆ ਕਿ ਜੰਗੀ ਹਾਲਾਤ ਹੋਣ ਕਾਰਨ ਜ਼ਿਆਦਾਤਰ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਅਜਿਹੇ ਵਿਚ ਪੰਜਾਬ ਵਿਚ ਰਹਿ ਰਹੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚਿੰਤਤ ਹਨ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਹੋਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕਣ ਤਾਂ ਜੋ ਉਹਨਾਂ ਦੀ ਘਰ ਵਾਪਸੀ ਹੋ ਸਕੇ।
ਦੱਸ ਦੇਈਏ ਕਿ ਯੂਕਰੇਨ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਗਿਣਤੀ ਕਰੀਬ 20,000 ਹੈ। ਇਹਨਾਂ ਵਿਚੋਂ ਲਗਭਗ 18,000 ਵਿਦਿਆਰਥੀ ਯੂਕਰੇਨ ’ਚ ਪੜ੍ਹਾਈ ਕਰ ਰਹੇ ਹਨ। ਯੂਕਰੇਨ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਵਿਚੋਂ 24% ਵਿਦਿਆਰਥੀ ਭਾਰਤੀ ਹਨ।
ਜ਼ਿਕਰਯੋਗ ਹੈ ਕਿ ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਹਮਲੇ ਦਾ ਐਲਾਨ ਕੀਤਾ। ਉਹਨਾਂ ਨੇ ਧਮਕੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਕੋਈ ਰੂਸ ਅਤੇ ਯੂਕਰੇਨ ਵਿਚਾਲੇ ਦਖਲਅੰਦਾਜ਼ੀ ਕਰੇਗਾ ਤਾਂ ਨਤੀਜਾ ਬਹੁਤ ਮਾੜਾ ਹੋਵੇਗਾ। ਉਹਨਾਂ ਦਾ ਇਸ਼ਾਰਾ ਅਮਰੀਕੀ ਅਤੇ ਨਾਟੋ ਫੋਰਸਿਜ਼ ਵੱਲ ਸੀ।