
2 ਸਾਲਾਂ ਤੋਂ ਸ਼੍ਰੀਨਗਰ ਵਿਖੇ 7 ਆਰ. ਆਰ ਵਿਚ ਡਿਊਟੀ ਨਿਭਾ ਰਿਹਾ ਸੀ ਜਵਾਨ
ਗੋਰਾਇਆ - ਨੇੜਲੇ ਪਿੰਡ ਭਾਗੋਕਾਵਾਂ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਹੈ, ਜੋ ਪਿਛਲੇ 2 ਸਾਲਾਂ ਤੋਂ ਸ਼੍ਰੀਨਗਰ ਵਿਖੇ 7 ਆਰ. ਆਰ ਵਿਚ ਡਿਊਟੀ ਨਿਭਾ ਰਿਹਾ ਸੀ। ਜਵਾਨ ਪਿਛਲੇ ਦਿਨ ਹੀ 9 ਮਹੀਨੇ ਬਾਅਦ ਘਰ ਛੁੱਟੀ ਕੱਟਣ ਆਇਆ ਸੀ ਅਤੇ ਮਾਪੇ ਉਸ ਦਾ ਵਿਆਹ ਕਰਨ ਦੀ ਸਲਾਹ ਕਰ ਰਹੇ ਸਨ ਪਰ ਅੱਜ ਅਚਾਨਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਜੱਦੀ ਪਿੰਡ ਭਾਗੋਕਾਵਾਂ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਫੌਜ ਦੇ ਜਵਾਨਾਂ ਵੱਲੋਂ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਫੌਜੀ ਜਵਾਨ ਦੇ ਪਿਤਾ ਹੌਲਦਾਰ ਸਰੂਪ ਸਿੰਘ, ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਅਜੇ ਕਰੀਬ ਪੰਜ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ। ਰਾਮਗੜ੍ਹ ਸੈਂਟਰ ਤੋਂ ਟ੍ਰੇਨਿੰਗ ਪੂਰੀ ਕਰਨ ਉਪਰੰਤ ਇਸ ਨੂੰ ਯੂਨਿਟ 15 ਪੰਜਾਬ ਰੈਜੀਮੈਂਟ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਹ ਪਿਛਲੇ ਕਰੀਬ 2 ਸਾਲਾਂ ਤੋਂ ਸ਼੍ਰੀਨਗਰ ਵਿਖੇ ਨਿਭਾ ਰਿਹਾ ਸੀ। 9 ਮਹੀਨੇ ਬਾਅਦ ਅਜੇ ਪਿਛਲੇ ਦਿਨੀ ਹੀ ਪਿੰਡ ਛੁੱਟੀ ਕੱਟਣ ਲਈ ਘਰ ਆਇਆ ਸੀ, ਪਰ ਅੱਜ ਅਚਾਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਫੌਜੀ ਲਖਵਿੰਦਰ ਸਿੰਘ (23) ਬਹੁਤ ਛੋਟੀ ਉਮਰ ਵਿਚ ਹੀ ਫੌਜ ਵਿਚ ਭਰਤੀ ਹੋ ਗਿਆ ਸੀ ਅਤੇ ਅਜੇ ਕੁਆਰਾ ਸੀ। ਪਰਿਵਾਰ ਵੱਲੋਂ ਉਸ ਦਾ ਵਿਆਹ ਕਰਨ ਦੀ ਸਲਾਹ ਕੀਤੀ ਜਾ ਰਹੀ ਸੀ, ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸਸਕਾਰ ਦੌਰਾਨ ਭੈਣ ਵੱਲੋਂ ਆਪਣੇ ਭਰਾ ਨੂੰ ਸਿਹਰਾ ਲਗਾ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਰੈਜੀਮੈਂਟ ਦੇ ਜਵਾਨਾਂ ਅਤੇ ਤਿੱਬੜੀ ਕੈਂਟ ਤੋਂ ਆਏ ਫੌਜੀਆਂ ਨੇ ਸਲਾਮੀ ਵੀ ਦਿੱਤੀ।