
ਹਰਿਆਣਾ 'ਚ 9 'ਤੇ ਕਾਂਗਰਸ ਅਤੇ ਕੁਰੂਕਸ਼ੇਤਰ ਦੀ ਸੀਟ 'ਤੇ AAP ਲੜੇਗੀ ਚੋਣ
Lok Sabha Election: ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਕਾਰ ਪੰਜਾਬ ਲੋਕ ਸਭ ਚੋਣਾਂ ਇਕੱਠਿਆਂ ਲੜਨ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸਸਪੈਂਸ ਅੱਜ ਦਿੱਲੀ 'ਚ ਹੋਈ ਪ੍ਰੈੱਸ ਕਾਨਫਰੰਸ ਵਿਚ ਖ਼ਤਮ ਹੋ ਗਿਆ। ਕਾਂਗਰਸੀ ਆਗੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਉਨ੍ਹਾਂ ਨੇ ਪੂਰੇ ਸੂਬੇ ਵਿਚ ਵੱਖਰੀ ਚੋਣ ਲੜਨ ਦਾ ਮਾਮਲਾ ਪਾਰਟੀ ਹਾਈਕਮਾਂਡ ਦੇ ਸਾਹਮਣੇ ਰੱਖਿਆ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਵੀ 13-0 ਨਾਲ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ ਸੀ।
ਦੇਸ਼ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵੱਲੋਂ ਮੁਕੁਲ ਵਾਸਨਿਕ ਨੇ ਕਿਹਾ ਕਿ 'ਆਪ' ਅਤੇ ਕਾਂਗਰਸ ਗੁਜਰਾਤ, ਦਿੱਲੀ, ਹਰਿਆਣਾ, ਗੋਆ ਅਤੇ ਚੰਡੀਗੜ੍ਹ 'ਚ ਗਠਜੋੜ ਨਾਲ ਚੋਣਾਂ ਲੜਨਗੀਆਂ। ਆਮ ਆਦਮੀ ਪਾਰਟੀ ਦਿੱਲੀ ਦੀਆਂ 4 ਸੀਟਾਂ 'ਤੇ ਚੋਣ ਲੜੇਗੀ। ਕਾਂਗਰਸ ਨੇ ਚਾਂਦਨੀ ਚੌਕ ਸਮੇਤ 3 ਸੀਟਾਂ ਚੁਣੀਆਂ ਹਨ। ਜਦਕਿ ਕਾਂਗਰਸ ਚੰਡੀਗੜ੍ਹ ਲੋਕ ਸਭਾ ਸੀਟ ਅਤੇ ਗੋਆ ਦੋਵਾਂ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ।
ਹਰਿਆਣਾ 'ਚ ਕਾਂਗਰਸ 9 ਸੀਟਾਂ 'ਤੇ ਅਤੇ ਆਮ ਆਦਮੀ ਪਾਰਟੀ 1 ਸੀਟ 'ਤੇ ਚੋਣ ਲੜੇਗੀ। ਗੁਜਰਾਤ 'ਚ ਆਮ ਆਦਮੀ ਪਾਰਟੀ 2 ਸੀਟਾਂ 'ਤੇ ਅਤੇ ਕਾਂਗਰਸ 24 ਸੀਟਾਂ 'ਤੇ ਚੋਣ ਲੜੇਗੀ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿਚ 26, ਹਰਿਆਣਾ ਵਿਚ 10, ਦਿੱਲੀ ਵਿਚ 7, ਗੋਆ ਵਿਚ 2 ਅਤੇ ਚੰਡੀਗੜ੍ਹ ਵਿੱਚ 1 ਲੋਕ ਸਭਾ ਸੀਟਾਂ ਹਨ।
ਇਹਨਾਂ ਸਾਰੀਆਂ ਸੀਟਾਂ 'ਤੇ ਕਾਂਗਰਸ ਤੇ ਆਪ ਵਿਚਾਕਰ ਸਹਿਮਤੀ ਬਣੀ ਹੈ। ਆਮ ਆਦਮੀ ਪਾਰਟੀ ਦਿੱਲੀ ਵਿਚ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦੋਂ ਕਿ ਕਾਂਗਰਸ ਉੱਤਰ ਪੂਰਬ, ਉੱਤਰੀ ਪੱਛਮੀ ਅਤੇ ਚਾਂਦਨੀ ਚੌਕ ਸੀਟਾਂ 'ਤੇ ਚੋਣ ਲੜੇਗੀ। ਗੁਜਰਾਤ ਵਿਚ ਆਮ ਆਦਮੀ ਪਾਰਟੀ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦਕਿ ਹਰਿਆਣਾ ਵਿਚ ਇਹ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ।
ਮੁਕੁਲ ਵਾਸਨਿਕ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਭਾਰਤੀ ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ‘ਆਪ’-ਕਾਂਗਰਸ ਨੇ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪੋ-ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜਾਂਗੇ, ਪਰ ਇਕਜੁੱਟ ਹੋ ਕੇ ਲੜਾਂਗੇ ਅਤੇ ਭਾਜਪਾ ਨੂੰ ਹਰਾਵਾਂਗੇ।
(For more Punjabi news apart from Lok Sabha Elections , stay tuned to Rozana Spokesman)