
ਪੁਲਿਸ ਨੇ ਕੁਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਹਿਰਾਸਤ 'ਚ ਲਿਆ
Punjab News: ਜ਼ਿਲ੍ਹਾ ਮੋਗਾ ਵਿਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 3 ਦੋਸਤਾਂ ਨੇ ਪਹਿਲਾਂ ਮਿਲ ਕੇ ਐਨ.ਆਰ.ਆਈ. ਦਾ ਕਤਲ ਕੀਤਾ ਅਤੇ ਬਾਅਦ ਵਿਚ ਇਨ੍ਹਾਂ ’ਚੋਂ ਦੋ ਨੇ ਤੀਜੇ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪਿੰਡ ਮਹਿਣਾ ਨੇੜੇ ਗੰਦੇ ਸੇਮ ਨਾਲੇ ਵਿਚੋਂ 17 ਸਾਲਾ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਦੋਹਰੇ ਕਤਲ ਦਾ ਖੁਲਾਸਾ ਹੋਇਆ ਹੈ।
ਦਰਅਸਲ ਸ਼ੁਕਰਵਾਰ ਬਾਅਦ ਦੁਪਹਿਰ ਪੁਲਿਸ ਨੇ ਮੋਗਾ ਦੇ ਪਿੰਡ ਮਹਿਣਾ ਦੇ ਗੰਦੇ ਨਾਲੇ 'ਚੋਂ ਬੱਧਨੀ ਖੁਰਦ ਦੇ ਰਹਿਣ ਵਾਲੇ ਮਨੀਕਰਨ ਸਿੰਘ (17) ਨਾਂਅ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਪਰਵਾਰ ਨੇ ਦਸਿਆ ਕਿ ਮਨੀਕਰਨ ਸਿੰਘ ਵੀਰਵਾਰ ਸਵੇਰੇ ਅਪਣੇ ਦੋ ਦੋਸਤਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਇਹ ਕਹਿ ਕੇ ਮੋਗਾ ਆਇਆ ਸੀ ਕਿ ਉਹ ਫਿਲਮ ਦੇਖਣ ਜਾ ਰਿਹਾ ਹੈ। ਪਰ ਜਦੋਂ ਦੇਰ ਰਾਤ ਤਕ ਮਨੀਕਰਨ ਸਿੰਘ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਭਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪੁਲਿਸ ਨੇ ਉਸ ਦੇ ਦੋ ਦੋਸਤਾਂ ਕੁਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਅਤੇ ਪੁੱਛਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮਿਲ ਕੇ ਮਨੀਕਰਨ ਸਿੰਘ ਦਾ ਕਤਲ ਕਰਕੇ ਮੋਗਾ ਦੇ ਪਿੰਡ ਮਹਿਣਾ ਕੋਲ ਗੰਦੇ ਨਾਲੇ ਵਿਚ ਲਾਸ਼ ਸੁੱਟ ਦਿਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੁਲਿਸ ਸਾਹਮਣੇ ਦੋਹਾਂ ਨੌਜਵਾਨਾਂ ਨੇ ਇਕ ਐਨ.ਆਰ.ਆਈ. ਦੇ ਕਤਲ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦਸਿਆ ਕਿ ਕਰੀਬ 20 ਦਿਨ ਪਹਿਲਾਂ ਹਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮਨੀਕਰਨ ਸਿੰਘ ਨੇ ਮਿਲ ਕੇ ਬੱਧਨੀ ਖੁਰਦ ਵਿਚ 40 ਸਾਲਾ ਐਨ.ਆਰ.ਆਈ. ਮਨਦੀਪ ਸਿੰਘ ਦਾ ਉਸ ਦੇ ਘਰ ਵਿਚ ਜਾ ਕੇ ਕਤਲ ਕਰ ਦਿਤਾ ਸੀ। ਐਨ.ਆਰ.ਆਈ. ਮਨਦੀਪ ਸਿੰਘ ਉਰਫ਼ ਤੀਰਥ ਘਰ ਵਿਚ ਇਕੱਲਾ ਰਹਿੰਦਾ ਸੀ ਅਤੇ ਉਸ ਦੀਆਂ ਦੋ ਭੈਣਾਂ ਵਿਦੇਸ਼ ਵਿਚ ਰਹਿੰਦੀਆਂ ਸਨ। ਪੁਲਿਸ ਨੇ ਸ਼ੁੱਕਰਵਾਰ ਸ਼ਾਮ ਐਨ.ਆਰ.ਆਈ. ਦੀ ਲਾਸ਼ ਨੂੰ ਉਸ ਦੇ ਘਰੋਂ ਬਰਾਮਦ ਕਰਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਮ੍ਰਿਤਕ ਐਨ.ਆਰ.ਆਈ. ਮਨਦੀਪ ਸਿੰਘ ਦੇ ਗੁਆਂਢੀ ਜੱਗਾ ਸਿੰਘ ਨੇ ਦਸਿਆ ਕਿ ਉਸ ਦੇ ਕੋਲ ਮਨਦੀਪ ਸਿੰਘ ਦੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਉਹ ਖੇਤੀ ਕਰਦਾ ਹੈ। ਮਨਦੀਪ ਸਿੰਘ ਨੂੰ ਕਰੀਬ 15 ਦਿਨਾਂ ਤੋਂ ਪਿੰਡ ਵਿਚ ਕਿਸੇ ਨੇ ਨਹੀਂ ਦੇਖਿਆ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਸੀ। ਉਨ੍ਹਾਂ ਨੇ ਸੋਚਿਆ ਕਿ ਮਨਦੀਪ ਸਿੰਘ ਜ਼ਰੂਰ ਬਾਹਰ ਚਲਾ ਗਿਆ ਹੋਵੇਗਾ।
ਇਸ ਮਾਮਲੇ ਵਿਚ ਥਾਣਾ ਬੱਧਨੀ ਕਲਾਂ ਦੇ ਐਸ.ਐਚ.ਓ. ਪ੍ਰਤਾਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਪਿੰਡ ਬੱਧਨੀ ਖੁਰਦ ਵਿਚ ਇਕ ਐਨ.ਆਰ.ਆਈ. ਦੀ ਲਾਸ਼ ਉਸ ਦੇ ਘਰ ਵਿਚ ਪਈ ਹੈ ਅਤੇ ਇਸੇ ਪਿੰਡ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਕੁਲਵਿੰਦਰ ਸਿੰਘ, ਮਨੀਕਰਨ ਸਿੰਘ ਅਤੇ ਹਰਜੀਤ ਸਿੰਘ ਨੇ ਕਰੀਬ 20 ਦਿਨ ਪਹਿਲਾਂ ਮਨਦੀਪ ਸਿੰਘ ਦਾ ਕਤਲ ਕਰ ਦਿਤਾ ਸੀ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਿਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
(For more Punjabi news apart from Punjab News double murder case in moga, stay tuned to Rozana Spokesman)