
ਤਰਨ ਤਰਨ ਦੇ ਪਿੰਡ ਚੀਮਾ ਕਲਾਂ ਦਾ ਵਸਨੀਕ ਹੈ ਗੁਰਪ੍ਰੀਤ ਸਿੰਘ
ਤੇਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਵੱਖ-ਵੱਖ ਸੂਬਿਆਂ ਦੇ ਅੱਠ ਕਰਮਚਾਰੀ ਸੁਰੰਗ ਵਿੱਚ ਫਸੇ ਹੋਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ। ਤਰਨਤਾਰਨ ਦੇ ਪਿੰਡ ਚੀਮਾ ਕਲਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਸੁਰੰਗ ਦੇ ਅੰਦਰ ਫਸਿਆ ਹੋਇਆ ਹੈ।
ਗੁਰਪ੍ਰੀਤ ਸਿੰਘ ਦੇ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ। ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ। ਗੁਰਪ੍ਰੀਤ ਦੀ ਮਾਂ, ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ 2 ਬੇਟੀਆਂ ਚਿੰਤਤ ਹਨ।
ਖ਼ਬਰ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਗੁਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚ ਰਹੇ ਹਨ। ਗੁਰਪ੍ਰੀਤ ਸਿੰਘ ਦੀਆਂ 2 ਧੀਆਂ, ਪਤਨੀ ਅਤੇ ਬਜ਼ੁਰਗ ਦਾਦੀ 'ਤੇ ਉਸ 'ਤੇ ਨਿਰਭਰ ਹਨ। ਉਸ ਦੀ ਕਮਾਈ ਨਾਲ ਸਾਰਾ ਘਰ ਚਲਦਾ ਹੈ।
ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ "ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰੱਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ। ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਹਨ ਅਤੇ ਉਨ੍ਹਾਂ ਨੂੰ ਲੱਭਣ ਲਈ ਰਾਹਤ ਕਾਰਜ ਜਾਰੀ ਹਨ।"