
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਇਕ ਪ੍ਰੈੱਸ ਕਾਨਫਰੰਸ ਜਰੀਏ ਅਕਾਲੀ ਦੇ ਵਾਰ ਕਰਦਿਆਂ...
ਗੁਰਦਾਸਪੁਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਇਕ ਪ੍ਰੈੱਸ ਕਾਨਫਰੰਸ ਜਰੀਏ ਅਕਾਲੀ ਦੇ ਵਾਰ ਕਰਦਿਆਂ ਕਿਹਾ ਕਿ ਅਕਾਲੀਆਂ ਨੂੰ ਕਾਲੇ ਚੋਲੇ ਪਾ ਕੇ ਪੰਜਾਬ ਵਿਧਾਨ ਸਭਾ ਘੇਰਨ ਦੀ ਬਿਜਾਏ ਅਪਣੇ ਸੂਬੇ ਦੇ ਹਿੱਤਾਂ ਲਈ ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਅਪਣੇ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਸੂਬੇ ਨੂੰ ਆਰਥਿਕ ਤੌਰ 'ਤੇ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹੈ ਤੇ ਦੂਜੇ ਪਾਸੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਕਿਸਾਨ ਹਿੱਤ ਲਈ ਕੁਝ ਨਹੀਂ ਕਰ ਰਹੀ।
sunil jakhar
ਅਜਿਹੇ 'ਚ ਕੇਂਦਰ 'ਚ ਮੋਦੀ ਸਰਕਾਰ ਦੇ ਭਾਗੀਦਾਰ ਅਕਾਲੀ ਦਲ ਨੂੰ ਸੱਚ ਤੇ ਹੱਕ 'ਚ ਖੜ੍ਹਨ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਪੁਛਿਆ ਕਿ ਜਦ ਉਨ੍ਹਾਂ ਦੀ ਸੂਬੇ 'ਚ 10 ਸਾਲ ਤਕ ਸਰਕਾਰ ਰਹੀ ਤਾਂ ਉਨ੍ਹਾਂ ਨੇ ਕਿੰਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਸਨ ਅਤੇ ਹੁਣ ਜਦ ਕੇਂਦਰ ਦੀ ਮੋਦੀ ਸਰਕਾਰ 'ਚ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ ਤਾਂ ਉਸ ਐੱਨ.ਡੀ.ਏ. ਸਰਕਾਰ ਦੀ ਕਿਸਾਨ ਹਿੱਤ 'ਚ ਕੀ ਪ੍ਰਾਪਤੀ ਰਹੀ ਹੈ।
sukhbir badal
ਜਾਖੜ ਨੇ ਅਕਾਲੀ ਦਲ ਦੇ ਆਗੂਆਂ ਨੂੰ ਕਿਹਾ ਕਿ ਉਸ ਦੇ ਵਿਧਾਇਕ ਵਿਧਾਨ ਸਭਾ 'ਚ ਤਾਂ ਕਾਲੇ ਚੋਲੇ ਪਾ ਕੇ ਆਉਣਾ ਚਾਹੁੰਦੇ ਹਨ ਪਰ ਉਸ ਦੇ ਸੰਸਦ ਮੈਂਬਰ ਵੀ ਕਦੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਦਹਾਲੀ ਬਾਰੇ ਦੱਸਣ ਲਈ ਸੰਸਦ 'ਚ ਕਾਲੇ ਚੋਲੇ ਪਾ ਕੇ ਜਾਣ ਦੀ ਹਿੰਮਤ ਵਿਖਾਉਣ। ਜਾਖੜ ਨੇ ਲੋਕ ਸਭਾ 'ਚ ਪੁੱਛੇ ਇਕ ਸਵਾਲ ਦੇ ਜਵਾਬ 'ਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਵਲੋਂ ਦਿਤੇ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ 'ਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਦੇਸ਼ ਦੇ ਕਿਸਾਨਾਂ ਦੀ ਹਾਲਤ ਤਰਸਯੋਗ ਹੈ। ਅਜਿਹੇ 'ਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਪਰਜਾ ਪਾਲਕ ਕਿਸਾਨ ਨੂੰ ਇਸ ਸੰਕਟ 'ਚੋਂ ਕੱਢਣ ਲਈ ਕੋਈ ਨੀਤੀ ਲੈ ਕੇ ਆਵੇ।
sukhbir badal
ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਜਾਣਬੁਝ ਕੇ ਅਪਣੇ ਭਾਈਵਾਲਾਂ ਰਾਹੀਂ ਸਦਨ ਦੀ ਕਾਰਵਾਈ ਠੱਪ ਕਰਵਾ ਰਹੀ ਹੈ ਤਾਂ ਜੋ ਵਿਰੋਧੀ ਧਿਰ ਸਦਨ 'ਚ ਸਰਕਾਰ ਦੀ ਜਵਾਬਦੇਹੀ ਤੈਅ ਨਾ ਕਰ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਂ ਅਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਨੂੰ ਵੀ ਇਸ ਸੰਵੇਦਨਸ਼ੀਲ ਮੁੱਦੇ 'ਤੇ ਸਿਆਸਤ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਕਿਸਾਨੀ ਕਰਜ਼ੇ ਮੁਆਫ਼ੀ ਲਈ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ।