
ਵਾਈ.ਪੀ.ਐਸ. ਚੌਕ, ਸੜਕ ਅਤੇ ਨਾਲ ਲਗਦੇ ਪਾਰਕਾਂ ਤੇ ਕਿਸਾਨਾਂ ਦਾ ਕਬਜ਼ਾ
ਚੰਡੀਗੜ੍ਹ ਵਿਚ ਪੰਜਾਬ ਵਿਧਾਨ ਸਭਾ ਘੇਰਨ ਜਾ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਬੈਰੀਗੇਟਸ ਲਗਾ ਕੇ ਰੋਕੇ ਜਣ ਵਾਲੇ ਕਿਸਾਨਾਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਰਾਤ ਸੜਕਾਂ 'ਤੇ ਖੜੀਆਂ ਅਪਣੀਆਂ ਟਰਾਲੀਆਂ ਵਿਚ ਪੈ ਕੇ ਗੁਜ਼ਾਰੀ। ਕਿਸਾਨਾਂ ਵਲੋਂ ਨਾਲ ਲਗਦੇ ਪਾਰਕਾਂ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ ਜਿਥੇ ਧਰਨਾਕਾਰੀਆਂ ਲਈ ਚਾਹ ਅਤੇ ਰੋਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੱਜ ਸਵੇਰ ਵੇਲੇ ਕਿਸਾਨਾਂ ਨੇ ਵਾਈ ਪੀ ਐਸ ਚੌਕ ਵਿਚ ਚਲ ਰਹੇ ਫੁਹਾਰੇ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਕਪੜੇ ਧੋਤੇ।
Farmers Protest
ਪਾਰਕ ਅਤੇ ਚੌਕ ਦੇ ਦੁਆਲੇ ਲੱਗੀ ਰੇਲਿੰਗ ਉਪਰ ਗਿੱਲੇ ਕਪੜੇ ਸੁਕਾਏ ਜਾ ਰਹੇ ਹਨ। ਯੂਨੀਅਨ ਪ੍ਰਧਾਨ ਰਾਜੇਵਾਲ ਨੇ ਅਪਣੇ ਸੰਬੋਧਨ ਵਿਚ ਮੌਜੂਦਾ ਸਰਕਾਰ 'ਤੇ ਦੋਸ਼ ਲਗਾਉਂਦਿਆਂ ਪਿਛਲੀ ਸਰਕਾਰ ਤੋਂ ਵੀ ਮਾੜੀ ਕਾਰਗੁਜ਼ਾਰੀ ਦਸਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਕਿਸਾਨ ਸੋਮਵਾਰ ਤਕ ਉਡੀਕ ਕਰਨਗੇ ਜੇਕਰ ਸਰਕਾਰ ਵਲੋਂ ਕੋਈ ਹਾਂ ਪੱਖੀ ਹੁਗਾਰਾ ਨਾਂ ਮਿਲਿਆ ਤਾਂ ਚੰਡੀਗੜ੍ਹ ਨੂੰ ਜਾਣ ਵਾਲੀ ਕਿਸਾਨੀ ਵਸਤਾਂ ਦੁਧ, ਸਬਜ਼ੀਆਂ, ਅਨਾਜ ਅਤੇ ਫਲਾਂ ਦੀ ਸਪਲਾਈ ਬੰਦ ਕਰ ਦਿਤੀ ਜਾਵੇਗੀ।