
ਮਾਪੇ ਬੋਲੇ 'ਅਸੀਂ ਤਾਂ ਧੀ ਦੀ ਲਾਸ਼ ਰਜਵਾਹੇ 'ਚ ਕੀਤੀ ਸੀ ਜਲ ਪ੍ਰਵਾਹ'
ਸਮਰਾਲਾ : ਦੋ ਦਿਨ ਪਹਿਲਾਂ ਸਮਰਾਲਾ ਦੇ ਮਿੰਨੀ ਬਾਈਪਾਸ ਤੋਂ ਕੁੱਤਿਆਂ ਦੇ ਝੁੰਡ ਕੋਲੋਂ ਬਰਾਮਦ ਹੋਈ ਇੱਕ ਨਵਜੰਮੀ ਬੱਚੀ ਦੀ ਲਾਵਾਰਿਸ ਲਾਸ਼ ਦਾ ਮਾਮਲਾ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਬੱਚੀ ਦੇ ਮਾਪੇ ਪ੍ਰਵਾਸੀ ਦੱਸੇ ਜਾ ਰਹੇ ਹਨ, ਜੋ ਪਿੰਡ ਬਹਿਲੋਲਪੁਰ ਵਿਖੇ ਕਿਸੇ ਕਿਸਾਨ ਦੀ ਮੋਟਰ 'ਤੇ ਰਹਿ ਰਹੇ ਹਨ।
ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਬੱਚੀ ਦਾ ਜਨਮ ਸਿਵਲ ਹਸਪਤਾਲ ਸਮਰਾਲਾ ਵਿਖੇ ਹੋਇਆ ਸੀ, ਜਿੱਥੇ ਜਨਮ ਲੈਣ ਸਮੇਂ ਉਸ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਇਸ ਅਧਾਰਿਤ ਕਾਰਵਾਈ ਨੂੰ ਅੱਗੇ ਤੋਰਦਿਆਂ ਇਸ ਬੱਚੀ ਦੇ ਮਾਪਿਆਂ, ਜੋ ਕਿ ਪਿੰਡ ਬਹਿਲੋਲਪੁਰ ਦੇ ਕਿਸੇ ਕਿਸਾਨ ਦੀ ਮੋਟਰ 'ਤੇ ਰਹਿ ਰਹੇ ਹਨ, ਨੂੰ ਤਫਤੀਸ਼ 'ਚ ਸ਼ਾਮਲ ਕਰ ਲਿਆ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਵਾਸੀ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਜਨਮ ਸਮੇਂ ਮੌਤ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਰੀਤੀ ਰਿਵਾਜ਼ਾਂ ਮੁਤਾਬਕ ਆਪਣੀ ਬੱਚੀ ਦੀ ਲਾਸ਼ ਨੂੰ ਮਿੰਨੀ ਬਾਈਪਾਸ ਲਾਗੇ ਚੱਲਦੇ ਰਜਵਾਹੇ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਪਰ ਰਜਵਾਹੇ ਵਿਚ ਪਾਣੀ ਘੱਟ ਹੋਣ ਕਾਰਨ ਬਾਅਦ 'ਚ ਬੱਚੀ ਦੀ ਲਾਸ਼ ਨੂੰ ਕੁੱਤਿਆਂ ਵੱਲੋਂ ਚੁੱਕ ਲਿਆ ਗਿਆ।
ਮਾਪਿਆਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਭਾਵੇਂ ਕਾਨੂੰਨੀ ਤੌਰ 'ਤੇ ਖਾਨਾਪੂਰਤੀ ਪੂਰੀ ਹੋ ਗਈ ਹੋਵੇ, ਪਰ ਇਨਸਾਨੀਅਤ ਦੇ ਨਾਤੇ ਮਾਪਿਆਂ ਦੀ ਇਸ ਨਾਲਾਇਕੀ ਨੂੰ ਮਾਫ਼ੀ ਦੇ ਲਾਇਕ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜੋ ਲਾਸ਼ ਕੁੱਤਿਆਂ ਦੇ ਝੁੰਡ ਕੋਲੋਂ ਛੁਡਵਾਈ ਗਈ ਹੈ, ਉਸ ਬੱਚੀ ਦੇ ਤਨ ਅਤੇ ਉਸ ਦੁਆਲੇ ਲਪੇਟੇ ਕੱਪੜੇ ਨੂੰ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਲੱਗੀ ਹੋਈ ਸੀ ਅਤੇ ਨਾ ਹੀ ਬੱਚੀ ਦੇ ਸਰੀਰ 'ਤੇ ਕੋਈ ਕਪੜਾ ਪਾਇਆ ਹੋਇਆ ਸੀ। ਹਾਲਾਂਕਿ ਰਵਾਇਤ ਬੱਚੇ ਦੀ ਲਾਸ਼ ਨੂੰ ਦਫਨਾਉਣ ਦੀ ਹੁੰਦੀ ਹੈ, ਨਾ ਕਿ ਜਲ ਪ੍ਰਵਾਹ ਕਰਨ ਦੀ। ਵੈਸੇ ਵੀ ਬੱਚੇ ਦੀ ਲਾਸ਼ ਨੂੰ ਪਾਣੀ ਵਿਚ ਨਹੀਂ, ਸਗੋਂ ਝਾੜੀਆਂ ਵਿਚ ਸੁੱਟ ਦਿੱਤੇ ਜਾਣ ਦਾ ਖਦਸ਼ਾ ਸਾਫ਼ ਝਲਕਦਾ ਹੈ।