
ਸ਼ਹੀਦਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਉੱਠੀ ਮੰਗ
ਲਾਹੌਰ : ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦਿਤੇ ਜਾਣ ਦੇ ਮਾਮਲੇ ਵਿਚ ਪਾਕਿਸਤਾਨ ਨੇ ਬ੍ਰਿਟੇਨ ਸਰਕਾਰ ਨੂੰ ਮਾਫ਼ੀ ਮੰਗਣ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਸ਼ਨਿਚਰਵਾਰ ਨੂੰ ਲਾਹੌਰ ਦੇ ਭਗਤ ਸਿੰਘ ਚੌਂਕ (ਸ਼ਾਦਮਾਨ ਚੌਂਕ) ਉਤੇ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਵਲੋਂ ਆਯੋਜਿਤ 88ਵੇਂ ਸ਼ਹੀਦੀ ਦਿਵਸ ਸਮਾਗਮ ਵਿਚ ਮੌਜੂਦ ਲੋਕਾਂ ਨੇ ਅਪਣੀ ਸਰਕਾਰ ਨੂੰ ਵੀ ਇਹ ਮੰਗ ਕੀਤੀ ਹੈ।
ਸਮਾਗਮ ਵਿਚ ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਤੋਂ ਇਲਾਵਾ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਵੀ ਸ਼ਾਮਿਲ ਹੋਏ। ਸਾਰਿਆਂ ਨੇ ਮੋਮਬੱਤੀਆਂ ਜਗਾ ਕੇ ਤਿੰਨਾਂ ਸ਼ਹੀਦਾਂ ਦੀ ਆਤਮਕ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਫਿਰ ਚੌਂਕ ’ਤੇ ਹੀ ਉਨ੍ਹਾਂ ਦੀ ਤਸਵੀਰ ਲਗਾ ਕੇ ਉਸ ਉਤੇ ਫੁੱਲ ਭੇਟ ਕਰ ਸ਼ਹੀਦੀ ਨੂੰ ਯਾਦ ਕੀਤਾ। ਮੁੱਖ ਮਹਿਮਾਨ ਹਫ਼ੀਜੁੱਰਹਮਾਨ ਨੇ ਤਿੰਨਾਂ ਸ਼ਹੀਦਾਂ ਨੂੰ ਪਾਕਿਸਤਾਨ ਦਾ ਅਸਲ ਹੀਰੋ ਕਰਾਰ ਦਿਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਭਲੇ ਹੀ ਅੱਜ ਮੁਲਕ ਵੰਡੇ ਗਏ ਹਨ ਪਰ ਇਹਨਾਂ ਦੀ ਆਜ਼ਾਦੀ ਲਈ ਸਾਡੇ ਲੋਕਾਂ ਨੇ ਕੁਰਬਾਨੀ ਦਿਤੀ ਸੀ ਅਤੇ ਸਾਡਾ ਫਰਜ਼ ਬਣਦਾ ਹੈ ਕਿ ਦੋਵਾਂ ਹੀ ਪਾਸੋਂ ਇਨ੍ਹਾਂ ਨੂੰ ਯਾਦ ਕੀਤਾ ਜਾਵੇ।