
ਕਿਹਾ - ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ, ਚਲਾਉਣਾ ਵੀ ਜਾਣਦੀ ਹੈ ਤੇ ਲੋਕਾਂ ਦੇ ਦਿਲ ਵੀ ਜਿੱਤਣਾ ਜਾਣਦੀ ਹੈ
ਅਸੀਂ ਪੰਜਾਬ ਦੀ ਜਵਾਨੀ ਨੂੰ ਧਰਮ ਦੇ ਨਾਮ 'ਤੇ ਚਲਾਈਆਂ ਹੋਈਆਂ ਫ਼ੈਕਟਰੀਆਂ ਦਾ ਕੱਚਾ ਮਾਲ ਬਣਦਾ ਹੋਇਆ ਦੇਖ ਕੇ ਤਮਾਸ਼ਾ ਨਹੀਂ ਦੇਖਾਂਗੇ : ਮੁੱਖ ਮੰਤਰੀ
ਕਿਹਾ - ਆਪਾਂ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਹੈ ਅਫ਼ਗ਼ਾਨਿਸਤਾਨ ਨਹੀਂ ਬਣਾਉਣਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਅਤੇ ਬੁਰੀ ਨਜ਼ਰ ਤੋਂ ਬਚਾਉਣਾ ਮੇਰਾ ਫ਼ਰਜ਼ ਹੈ ਜੋ ਤੁਹਾਡੇ ਵਿਸ਼ਵਾਸ ਸਦਕਾ ਨਿਭਾਅ ਰਿਹਾ ਹਾਂ ਤੇ ਨਿਭਾਉਂਦਾ ਰਹਾਂਗਾ।
ਮੁੱਖ ਮੰਤਰੀ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਧਰਮ ਦੇ ਨਾਮ 'ਤੇ ਚਲਾਈਆਂ ਹੋਈਆਂ ਫ਼ੈਕਟਰੀਆਂ ਦਾ ਕੱਚਾ ਮਾਲ ਬਣਦਾ ਹੋਇਆ ਦੇਖ ਕੇ ਤਮਾਸ਼ਾ ਨਹੀਂ ਦੇਖਾਂਗੇ ਸਗੋਂ ਅਸੀਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੇ ਹੱਕ ਵਿਚ ਹਾਂ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਪੜ੍ਹ-ਲਿਖ ਕੇ ਨਾਮ ਕਮਾਉਣ ਅਤੇ ਤਮਗ਼ੇ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਆਪਣੇ ਸੰਬੋਧਨ ਵਿਚ ਅੱਗੇ ਉਹ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਜੋ ਵਿਸ਼ਵਾਸ ਤੁਸੀਂ ਮੇਰੇ 'ਤੇ ਕਰਦੇ ਹੋ ਉਹ ਟੁੱਟਣ ਨਹੀਂ ਦੇਵਾਂਗਾ। ਆਪਾਂ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਹੈ ਅਫ਼ਗ਼ਾਨਿਸਤਾਨ ਨਹੀਂ ਬਣਾਉਣਾ। ਮੌਜੂਦਾ ਹਾਲਾਤ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ..ਕਿਸੇ ਬੇਗਾਨੇ ਪੁੱਤ ਨੂੰ ਇਹ ਕਹਿਣਾ ਬਹੁਤ ਆਸਾਨ ਹੈ ਕਿ ਤੂੰ ਹਥਿਆਰ ਚੁੱਕ ਲੈ ਜਾਂ ਬੇਗਾਨਿਆਂ ਪੁੱਤਾਂ ਨੂੰ ਜਵਾਨੀ ਵਿਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਆਸਾਨ ਹਨ ਪਰ ਜਦੋਂ ਆਪਣੇ ਸਿਰ 'ਤੇ ਪੈਂਦੀ ਹੈ ਉਦੋਂ ਪਤਾ ਲਗਦਾ ਹੈ।
ਉਨ੍ਹਾਂ ਕਿਹਾ ਕਿ ਧਰਮ ਦੇ ਨਾਮ 'ਤੇ ਦੁਕਾਨਾਂ ਚਲਾਉਣ ਵਾਲੇ ਅਤੇ ਸਾਡੀ ਨੌਜਵਾਨੀ ਨੂੰ ਭੜਕਾਉਣ ਵਾਲੇ ਆਪਣੇ ਵਹਿਮ 'ਤੇ ਭੁਲੇਖੇ ਕੱਢ ਦੇਣ ਕਿ ਉਹ ਪੰਜਾਬ 'ਚ ਕੋਈ ਗੜਬੜ ਜਾਂ ਭਾਈਚਾਰਕ ਸਾਂਝ ਵਿਚ ਤਰੇੜ ਪਾ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ, ਚਲਾਉਣਾ ਵੀ ਜਾਣਦੀ ਹੈ ਤੇ ਲੋਕਾਂ ਦੇ ਦਿਲ ਵੀ ਜਿੱਤਣਾ ਜਾਣਦੀ ਹੈ। ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਪੰਜਾਬੀਆਂ ਵਲੋਂ ਕੀਤੇ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗੇ।