
Punjab News: ਪੁਲਿਸ ਅਧਿਕਾਰੀ ਇਹ ਨਹੀਂ ਦੱਸ ਰਹੇ ਹਨ ਕਿ ਕੀ ਹਿਰਾਸਤ ਵਿਚ ਲਏ ਗਏ ਨੌਜਵਾਨ ਉਹੀ ਹਨ ਜਿਨ੍ਹਾਂ ਨੇ ਬਸਾਂ ’ਤੇ ਖ਼ਾਲਿਸਤਾਨ ਦੇ ਨਾਹਰੇ ਲਿਖੇ ਸਨ।
ਅੰਮ੍ਰਿਤਸਰ (ਪਪ) : ਰਾਮਬਾਗ਼ ਥਾਣੇ ਦੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬਸਾਂ ਦੀ ਭੰਨਤੋੜ ਕਰਨ ਅਤੇ ਉਨ੍ਹਾਂ ’ਤੇ ਖ਼ਾਲਿਸਤਾਨ ਦੇ ਨਾਹਰੇ ਲਿਖਣ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀ ਇਹ ਨਹੀਂ ਦੱਸ ਰਹੇ ਹਨ ਕਿ ਕੀ ਹਿਰਾਸਤ ਵਿਚ ਲਏ ਗਏ ਨੌਜਵਾਨ ਉਹੀ ਹਨ ਜਿਨ੍ਹਾਂ ਨੇ ਬਸਾਂ ’ਤੇ ਖ਼ਾਲਿਸਤਾਨ ਦੇ ਨਾਹਰੇ ਲਿਖੇ ਸਨ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਿਰਾਸਤ ਵਿਚ ਲਏ ਨੌਜਵਾਨ ਮੁਲਜ਼ਮਾਂ ਦੇ ਕਰੀਬੀ ਵੀ ਹੋ ਸਕਦੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਨਜ਼ਦੀਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤਾਂ ਜੋ ਫ਼ਰਾਰ ਮੁਲਜ਼ਮਾਂ ’ਤੇ ਆਤਮ ਸਮਰਪਣ ਕਰਨ ਲਈ ਦਬਾਅ ਪਾਇਆ ਜਾ ਸਕੇ।
ਪਤਾ ਲੱਗਾ ਹੈ ਕਿ ਫੜੇ ਗਏ ਚਾਰ ਨੌਜਵਾਨ ਹੌਲਦਾਰ ਹਨ। ਜ਼ਿਕਰਯੋਗ ਹੈ ਕਿ ਸਨਿਚਰਵਾਰ ਤੜਕੇ ਕੁਝ ਸ਼ਰਾਰਤੀ ਅਨਸਰਾਂ ਨੇ ਬੱਸ ਸਟੈਂਡ ਦੇ ਅੰਦਰ ਖੜ੍ਹੀਆਂ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬਸਾਂ ਦੇ ਸ਼ੀਸ਼ੇ ਤੋੜ ਦਿਤੇ ਸਨ ਅਤੇ ਉਨ੍ਹਾਂ ’ਤੇ ਖ਼ਾਲਿਸਤਾਨ ਦੇ ਨਾਹਰੇ ਲਿਖ ਕੇ ਮਾਹੌਲ ਖ਼ਰਾਬ ਕਰ ਦਿਤਾ ਸੀ।