
ਮਾਂ ਦੀ ਵਾਪਸੀ 23 ਮਾਰਚ ਦੀ ਸੀ ਪਰ ਭਾਰਤ ਵੱਲੋਂ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਗਏ।
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਕਰ ਕੇ ਦੇਸ਼ਾਂ ਵਲੋਂ ਕੀਤੇ ਲੌਕਡਾਊਨ ਨੇ ਰਿਸ਼ਤਿਆਂ ਨੂੰ ਇਕ ਦੂਸਰੇ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ।
File photo
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਕ ਮਾਂ ਜਸਪ੍ਰੀਤ ਕੌਰ ਜੋ 18 ਮਾਰਚ ਨੂੰ ਭਾਰਤ ਤੋਂ (ਨਿਊਯਾਰਕ) ਅਮਰੀਕਾ ਆਪਣੀ ਨਨਾਣ ਨੂੰ ਮਿਲਣ ਲਈ ਗਈ ਸੀ ਉਸ ਨੇ ਦੱਸਿਆ ਕਿ ਭਾਰਤ 'ਚ ਉਸਦਾ ਚਾਰ ਸਾਲ ਦਾ ਪੁੱਤਰ ਜਸ਼ਨ ਮਾਂ ਦੇ ਪਿਆਰ ਨੂੰ ਤਰਸ ਰਿਹਾ ਹੈ ਅਤੇ ਰੋ-ਰੋ ਕੇ ਉਸ ਦਾ ਬੁਰਾ ਹਾਲ ਹੈ। ਉਸ ਨੇ ਮੀਡੀਆ ਨੂੰ ਦੁਖਿਆਰੀ ਮਾਂ ਦੀ ਫਰਿਯਾਦ ਭਾਰਤ ਸਰਕਾਰ ਤੱਕ ਪਹੁੰਚਾਉਣ ਦੀ ਗੁਹਾਰ ਵੀ ਲਗਾਈ ਹੈ।
File photo
ਉਸ ਨੇ ਦੱਸਿਆ ਕਿ ਮੇਰੇ ਨਿਊਯਾਰਕ ਜਾਣ ਤੋਂ ਕੁਝ ਦਿਨ ਬਾਅਦ ਹੀ ਦੇਸ਼ਾਂ-ਵਿਦੇਸ਼ਾਂ 'ਚ ਫੈਲੇ ਕਰੋਨਾ ਦੇ ਕਹਿਰ ਕਾਰਨ ਭਾਰਤ 'ਚ ਵੀ ਲਾਕ ਡਾਊਨ ਹੋ ਗਿਆ। ਉਸਦੀ ਵਾਪਸੀ 23 ਮਾਰਚ ਦੀ ਸੀ ਪਰ ਭਾਰਤ ਵੱਲੋਂ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਗਏ।
File photo
ਉਸ ਨੇ ਕਿਹਾ ਕਿ ਮੇਰਾ ਚਾਰ ਸਾਲਾ ਪੁੱਤਰ ਜਸ਼ਨ ਆਪਣੇ ਬਜ਼ੁਰਗ ਨਾਨੀ ਨਾਨੇ ਕੋਲ ਰਹਿ ਰਿਹਾ ਹੈ ਤੇ ਉਹ ਮੈਨੂੰ ਮਿਲਣ ਲਈ ਤਰਸ ਰਿਹਾ ਹੈ। ਮੈਂ ਭਾਰਤੀ ਅੰਬੈਸੀ 'ਚ ਭਾਰਤ ਵਾਪਸ ਆਉਣ ਲਈ ਅਰਜ਼ੀ ਵੀ ਦੇ ਚੁੱਕੀ ਹਾਂ ਤੇ 21 ਅਪ੍ਰੈਲ ਮੰਗਲਵਾਰ ਨੂੰ ਭਾਰਤੀ ਅੰਬੈਸੀ ਨਾਲ ਗੱਲ ਵੀ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਲੌਕਡਾਊਨ ਤੱਕ ਤੁਹਾਨੂੰ ਅਮਰੀਕਾ ਹੀ ਰੁਕਣਾ ਪਵੇਗਾ।
File photo
ਦੱਸ ਦਈਏ ਕਿ ਲੌਕਡਾਊਨ ਕਰ ਕੇ ਹੋਰ ਵੀ ਕਈ ਅਜਿਹੇ ਲੋਕ ਹਨ ਜੋ ਆਪਣਿਆਂ ਤੋਂ ਦੂਰ ਬੈਠੇ ਹਨ ਅਤੇ ਵਾਪਸ ਨਹੀਂ ਆ ਸਕੇ ਕਈ ਲੋਕ ਜੋ ਵਿਦੇਸ਼ਾਂ ਵਿਚ ਰਹਿ ਰਹੇ ਹਨ ਉਹ ਆਪਣੇ ਨਜ਼ਦੀਕੀ ਵਿਅਕਤੀ ਦੀ ਮੌਤ ਹੋ ਜਾਣ ਤੇ ਉਹਨਾਂ ਦਾ ਸਸਕਾਰ ਵੀ ਨਹੀਂ ਕਰ ਸਕੇ।