
ਕਿਹਾ, ਪੰਜਾਬ ਨੂੰ ਉਸਦਾ ਹੱਕ ਵੀ ਨਹੀਂ ਮਿਲਿਆ
ਬਠਿੰਡਾ, 23 ਅਪ੍ਰੈਲ (ਸੁਖਜਿੰਦਰ ਮਾਨ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਨੂੰ ਕੇਂਦਰ ਵਲੋਂ ਭੇਜੇ ਕਰੋੜਾਂ ਦੇ ਗੱਫੇ ਬਾਰੇ ਕੀਤੇ ਗਏ ਦਾਅਵਿਆਂ ਨੂੰ ਝੁਠਲਾਉਂਦਿਆਂ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਠੋਕਵਾਂ ਜਵਾਬ ਦਿਤਾ ਗਿਆ ਹੈ। ਅਪਣੇ ਫ਼ੇਸਬੁੱਕ ਪੇਜ 'ਤੇ ਲਾਈਵ ਹੋਏ ਬਠਿੰਡਾ ਸਹਿਰੀ ਹਲਕੇ ਦੇ ਵਿਧਾਇਕ ਤੇ ਬੀਬਾ ਬਾਦਲ ਦੇ ਸ਼ਰੀਕੇ 'ਚ ਲਗਦੇ ਦਿਉਰ ਨੇ ਉਲਟਾ ਕੇਂਦਰੀ ਮੰਤਰੀ ਨੂੰ ਨਿਹੋਰਾ ਮਾਰਿਆ ਹੈ ਕਿ ਜੇਕਰ ਉਨ੍ਹਾਂ ਦੀ ਕੇਂਦਰ ਵਿਚ ਚਲਦੀ ਹੈ ਤਾਂ ਉਹ ਪੰਜਾਬ ਦੇ ਜੀਐਸਟੀ ਦੇ ਬਕਾਇਆ ਨੂੰ ਦਿਵਾਉਣ ਵਿਚ ਯੋਗਦਾਨ ਪਾਉਣ।
ਦਸਣਾ ਬਣਦਾ ਹੈ ਕਿ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਮੋਦੀ ਸਰਕਾਰ ਦੁਆਰਾ 832 ਕਰੋੜ ਰੁਪਏ ਕੋਰੋਨਾ ਰਾਹਤ ਫ਼ੰਡ ਲਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਨੂੰ ਵਿਤ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਨਕਾਰਿਆ ਜਾ ਚੁੱਕਾ ਸੀ ਪ੍ਰੰਤੂ ਬੀਤੇ ਕਲ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਅੰਕੜਿਆਂ ਸਹਿਤ ਕੇਂਦਰ ਤੋਂ ਪੰਜਾਬ ਨੂੰ ਮਿਲੇ ਫ਼ੰਡਾਂ ਬਾਰੇ ਚਾਨਣਾ ਪਾਇਆ ਸੀ, ਜਿਸ ਤੋਂ ਬਾਅਦ ਅੱਜ ਵਿਤ ਮੰਤਰੀ ਨੇ ਬੀਬਾ ਬਾਦਲ ਦੇ ਦਾਅਵਿਆਂ ਨੂੰ ਝੁਠਲਾਉਂਦਿਆਂ ਉਲਟਾ ਦਾਅਵਾ ਕੀਤਾ ਹੈ ਕਿ ਪੰਜਾਬ ਕੇਂਦਰ ਨੂੰ ਢਾਈ ਫ਼ੀਸਦੀ ਯੋਗਦਾਨ ਦਿੰਦਾ ਹੈ, ਪ੍ਰੰਤੂ ਇਸਦੇ ਬਦਲੇ ਵਿਚ ਪੰਜਾਬ ਨੂੰ ਕੇਂਦਰ ਕੋਲੋਂ ਸਿਰਫ਼ 1.77 ਫ਼ੀ ਸਦੀ ਹੀ ਮਿਲਦਾ ਹੈ।
ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਹਾਲੇ ਵੀ ਕੇਂਦਰ ਵੱਲ ਪੰਜਾਬ ਦੇ ਜੀਐਸਟੀ ਦਾ 4400 ਕਰੋੜ ਰੁਪਇਆ ਬਕਾਇਆ ਪਿਆ ਹੈ, ਜਿਸ ਨੂੰ ਦਿਵਾਉਣ ਵਿਚ ਕੇਂਦਰੀ ਮੰਤਰੀ ਮਦਦ ਕਰ ਸਕਦੇ ਹਨ। ਉਨ੍ਹਾਂ ਬੀਬਾ ਬਾਦਲ ਨੂੰ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਵਲੋਂ ਕਿਸਾਨਾਂ ਨੂੰ ਬੋਨਸ ਦੇਣ ਲਈ ਭੇਜੇ ਪੱਤਰ 'ਤੇ ਅਮਲ ਕਰਵਾਉਣ ਵੀ ਮੰਗ ਕੀਤੀ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਵੀਡੀਉ ਵਿਚ ਇਹ ਵੀ ਦਸਿਆ ਕਿ ਕੇਂਦਰ ਵਲੋਂ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਕੌਮੀ ਸਿਹਤ ਮਿਸ਼ਨ ਤਹਿਤ ਸਿਰਫ਼ 71 ਕਰੋੜ ਰੁਪਏ ਆਏ ਹਨ ਜੋ ਕਿ ਨਾਕਾਫ਼ੀ ਹਨ।
ਜਦਕਿ ਰਾਸ਼ਟਰੀ ਡਿਜ਼ਾਸਟਰ ਰਿਲੀਫ਼ ਫ਼ੰਡ ਤਹਿਤ ਪੰਜਾਬ ਨੇ ਕੇਂਦਰ ਕੋਲੋ 495 ਕਰੋੜ ਰੁਪਏ ਲੈਣੇ ਸਨ ਪ੍ਰੰਤੂ ਹਾਲੇ ਤਕ 247 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ। ਕੇਂਦਰੀ ਮੰਤਰੀ ਵਲੋਂ ਪੰਜਾਬ ਦੇ ਡੇਢ ਕਰੋੜ ਲੋਕਾਂ ਨੂੰ ਪੰਜ-ਪੰਜ ਕਿਲੋ ਅਨਾਜ਼ ਤੇ ਇਕ-ਇਕ ਕਿਲੋ ਦਾਲ ਦੇਣ ਦੇ ਦਾਅਵੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮੋਦੀ ਤੋਂ ਪਹਿਲਾਂ ਕੇਂਦਰ ਵਿਚ ਕਾਂਗਰਸ ਸਰਕਾਰ ਵਲੋਂ ਕੌਮੀ ਖ਼ਾਧ ਸੁਰੱਖਿਆ ਐਕਟ ਬਣਾਇਆ ਗਿਆ ਸੀ, ਜਿਸ ਤਹਿਤ ਲੋੜਵੰਦਾਂ ਨੂੰ ਹਰ ਮਹੀਨੇ 2 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਅਨਾਜ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪ੍ਰੰਤੂ ਹੁਣ ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਨੇ ਤਿੰਨ ਮਹੀਨਿਆਂ ਲਈ ਇਹ ਦੋ ਰੁਪਏ ਲੈਣੇ ਵੀ ਬੰਦ ਕਰ ਦਿਤੇ ਹਨ।
File photo
ਜਦਕਿ ਜਨਧਨ ਤੇ ਕਿਸਾਨ ਸਮ੍ਰਿਧੀ ਯੋਜਨਾ ਚੋਣਾਂ ਸਮੇਂ ਮੋਦੀ ਵਲੋਂ ਐਲਾਨ ਕੀਤਾ ਗਿਆ ਸੀ, ਜਿਸ ਨੂੰ ਹੁਣ ਕੋਰੋਨਾ ਮਹਾਮਾਰੀ ਨਾਲ ਨਹੀਂ ਜੋੜਿਆ ਜਾ ਸਕਦਾ। ਵਿਤ ਮੰਤਰੀ ਸ. ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਇਸ ਗੱਲੋਂ ਸ਼ੁਕਰਗੁਜ਼ਾਰ ਹਨ, ਕਿ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੈ ਤੇ ਜੇਕਰ ਅਕਾਲੀ ਸਰਕਾਰ ਹੁੰਦੀ ਤਾਂ ਉਸ ਕੋਲੋਂ ਇਹ ਮਹਾਮਾਰੀ ਸੰਭਾਲੀ ਵੀ ਨਹੀਂ ਜਾਣੀ ਸੀ।
832 ਕਰੋੜ ਰੁਪਏ ਇਸ ਦਾ ਹੱਕ ਹਨ, ਕੋਈ ਖੈਰਾਤ ਨਹੀਂ
ਉਨ੍ਹਾਂ ਬੀਬਾ ਬਾਦਲ ਵਲੋਂ ਕੀਤੇ ਦਾਅਵਿਆਂ ਦਾ ਇਕ-ਇਕ ਕਰ ਕੇ ਜਵਾਬ ਦਿੰਦਿਆਂ ਦਸਿਆ ਕਿ ਪੰਜਾਬ ਨੂੰ ਮਿਲੇ 832 ਕਰੋੜ ਰੁਪਏ ਇਸ ਦਾ ਹੱਕ ਹਨ, ਕੋਈ ਖੈਰਾਤ ਨਹੀਂ, ਕਿਉਂਕਿ ਇਹ ਰਾਸ਼ੀ ਕੇਂਦਰ ਵਲੋਂ ਡੇਵੂਲੇਸ਼ਨ ਆਫ਼ ਸੈਂਟਰਲ ਟੈਕਸਿਜ਼ ਵਿਚੋਂ ਮਿਲਣੇ ਹੁੰਦੇ ਹਨ। ਇਸੇ ਤਰ੍ਹਾਂ 1100 ਤੇ 1200 ਕਰੋੜ ਰੁਪਇਆ ਬਾਰੇ ਉਨ੍ਹਾਂ ਦਸਿਆ ਕਿ ਇਹ ਰਾਸ਼ੀ ਵੀ ਪੰਜਾਬ ਦੀ ਕੇਂਦਰ ਵਲ ਪਿਛਲੇ ਤਿੰਨ ਸਾਲਾਂ ਤੋਂ ਜੀਐਸਟੀ ਦਾ ਬਕਾਇਆ ਪਿਆ ਹੋਇਆ ਸੀ। ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਹਾਲੇ ਵੀ ਕੇਂਦਰ ਵੱਲ ਪੰਜਾਬ ਦੇ ਜੀਐਸਟੀ ਦਾ 4400 ਕਰੋੜ ਰੁਪਇਆ ਬਕਾਇਆ ਪਿਆ ਹੈ।