
ਪਿੰਡ ਰੋੜੀ ਦੇ ਮਜ਼ਦੂਰਾਂ ਦੀ ਕੀਤੀ ਸੀ ਅਗਵਾਈ
ਕਾਲਾਂਵਾਲੀ, 23 ਅਪ੍ਰੈਲ (ਸੁਰਿੰਦਰ ਪਾਲ ਸਿੰਘ) : ਕੋਰੋਨਾ ਦੀ ਆਫ਼ਤ ਮੌਕੇ ਜਿੱਥੇ ਦੇਸ਼ ਦੀ ਆਮ ਲੋਕਾਈ ਕਰੋਨਾ ਕਰਫ਼ਿਊ ਅਤੇ ਰੁਜ਼ਗਾਰ ਖੁਸ ਜਾਣ ਕਾਰਨ ਦੁੱਖ ਭੁੱਖ ਨਾਲ ਪੀੜਤ ਹੈ। ਇਸ ਮੌਕੇ ਦੇਸ਼ ਦੇ ਹਾਕਮ ਲੋਕ ਪੱਖੀ ਸਮਾਜਕ ਕਾਰਕੁੰਨਾਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਲੋਕਤੰਤਰ ਦਾ ਗਲਾ ਘੋਟਣਾ ਚਾਹੁੰਦੇ ਹਨ। ਜਮਹੂਰੀ ਹੱਕਾਂ ਦੇ ਕਾਰਕੁਨ ਹਾਕਮਾਂ ਦੀ ਕੋਝੀ ਮੁਹਿੰਮ ਦਾ ਨਿਸ਼ਾਨਾ ਬਣ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਨੌਜਵਾਨ ਭਾਰਤ ਸਭਾ ਸਿਰਸਾ ਦੇ ਜ਼ਿਲ੍ਹਾ ਕਮੇਟੀ ਦੇ ਸਰਗਰਮ ਮੈਂਬਰ ਅਤੇ ਇਕਾਈ ਰੋੜੀ (ਸਿਰਸਾ) ਦੇ ਸੱਕਤਰ ਸਾਥੀ ਕੁਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ।
ਸਥਾਨਕ ਪੁਲਿਸ ਨੇ ਉਹਨਾਂ ਨੂੰ ਧਾਰਾ 188 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਗੱਲ ਕਹੀ। ਕਰਫ਼ਿਊ ਦੌਰਾਨ ਕੁਲਵਿੰਦਰ ਸਿੰਘ ਨੇ ਪਿੰਡ ਰੋੜੀ ਦੇ ਮਜ਼ਦੂਰ ਮੁਹੱਲੇ ਵਿੱਚ ਪਿਛਲੇ ਦਿਨੀਂ ਰਾਸ਼ਨ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਦੀ ਅਗਵਾਈ ਵਿੱਚ ਡਿਊਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ ਸੀ। ਇਸ ਮੌਕੇ ਸਰੀਰਕ ਦੂਰੀ ਅਤੇ ਮੂੰਹ ਢਕਣ ਸਮੇਤ ਸਾਰੇ ਸਰਕਾਰੀ ਹੁਕਮਾਂ ਦੀ ਪਾਲਣਾ ਵੀ ਕੀਤੀ ਗਈ ਸੀ। ਪਾਵੇਲ ਸਿੱਧੂ ਅਤੇ ਹੋਰ ਆਗੂਆਂ ਦਾ ਦੋਸ਼ ਹੈ ਕਿ ਸਥਾਨਕ ਪ੍ਰਸਾਸ਼ਨ ਨੇ ਇਕੱਠ ਦਾ ਬਹਾਨਾ ਬਣਾ ਕੇ ਨੌਭਾਸ ਕਾਰਕੁੰਨ ਨੂੰ ਮੁਕੱਦਮੇ ਵਿਚ ਉਲਝਾਕੇ ਸਬਕ ਸਿਖਾਉਣ ਦੀ ਚਾਲ ਚੱਲੀ ਹੈ ਜੋ ਖੱਟਰ ਸਰਕਾਰ ਦਾ ਅਤਿ ਨਿੰਦਣਯੋਗ ਵਰਤਾਰਾ ਹੈ।
ਦੂਜੇ ਪਾਸੇ ਨੌਭਾਸ, ਸਰਬ ਕਰਮਚਾਰੀ ਸੰਘ, ਡਾ: ਅੰਬੇਦਕਰ ਸਭਾ ਅਤੇ ਅਧਿਆਪਕ ਸਿੰਘ ਨੇ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮਿਲਕੇ ਕੁਲਵਿੰਦਰ ਸਿੰਘ ਰੋੜੀ ਵਿਰੁਧ ਪੁਲਿਸ ਕਾਰਵਾਈ ਰੋਕਣ ਲਈ ਮੰਗ ਪੱਤਰ ਦਿੱਤਾ ਹੈ।