
ਮਜ਼ਦੂਰਾਂ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਵਾਉਣ ਨੂੰ ਦਿਤੀ ਜਾਵੇ ਪਹਿਲ
ਚੰਡੀਗੜ੍ਹ, 23 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਰਾਜ ਦੇ ਕਿਸਾਨਾਂ ਅਤੇ ਕੰਬਾਈਨ ਆਪ੍ਰੇਟਰਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਲਾਹ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਕਿਸਾਨਾਂ ਨੂੰ ਜਾਰੀ ਸਲਾਹ ਅਨੁਸਾਰ ਕਿਸਾਨ ਕੋਸ਼ਿਸ਼ ਕਰਨ ਕਿ ਮਜ਼ਦੂਰਾਂ ਤੋਂ ਵਾਢੀ (ਕਟਾਈ) ਕਰਵਾਉਣ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਨ ਨੂੰ ਪਹਿਲ ਦਿਤੀ ਜਾਵੇ ਅਤੇ ਇਕ ਮਸ਼ੀਨ ਨਾਲ ਜ਼ਰੂਰਤ ਅਨੁਸਾਰ ਘੱਟ ਤੋਂ ਘੱਟ ਵਿਅਕਤੀ ਹੀ ਲਗਾਏ ਜਾਣ। ਹਰ ਮਸ਼ੀਨ ਨੂੰ ਖੇਤ ਵਿਚ ਆਉਣ ਤੋਂ ਪਹਿਲਾਂ ਅਤੇ ਵਾਢੀ (ਕਟਾਈ ਦੌਰਾਨ ਸਮੇਂ-ਸਮੇਂ 'ਤੇ ਸੈਨੀਟਾਈਜ਼ ਕੀਤਾ ਜਾਵੇ। ਵਾਢੀ ਦਾ ਕੰਮ ਕਰ ਰਿਹਾ ਹਰ ਵਿਅਕਤੀ ਕਪੜੇ ਦਾ ਮਾਸਕ ਜ਼ਰੂਰ ਪਹਿਨੇ ਅਤੇ ਇਸ ਨੂੰ ਸਮੇਂ-ਸਮੇਂ 'ਤੇ ਨਿਯਮਿਤ ਢੰਗ ਨਾਲ ਧੋਤਾ ਜਾਵੇ।
ਬੁਲਾਰੇ ਨੇ ਦਸਿਆ ਕਿ ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਵਿਅਕਤੀ ਦਾ ਨੱਕ ਤੇ ਮੂੰਹ ਚੰਗੀ ਤਰ੍ਹਾਂ ਢਕਿਆ ਜਾਵੇ। ਕਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਹਰ ਸਮੇਂ ਇਕ-ਦੂਜੇ ਕੋਲੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਖਾਣਾ ਖਾਣ, ਢੋਆ-ਢੁਆਈ ਆਦਿ ਸਮੇਂ ਵੀ ਸਮਾਜਕ ਦੂਰੀ ਰੱਖੀ ਜਾਵੇ। ਜੇਕਰ ਹੱਥਾਂ ਨਾਲ ਵਾਢੀ ਕੀਤੀ ਜਾ ਰਹੀ ਹੈ ਤਾਂ ਮਜ਼ਦੂਰਾਂ ਵਿਚਕਾਰ ਸਮਾਜਕ ਦੂਰੀ ਦਾ ਪੂਰਾ ਧਿਆਨ ਰਖਿਆ ਜਾਵੇ ਅਤੇ ਕਿਸਾਨ ਵਲੋਂ ਹਰ ਮਜ਼ਦੂਰ ਨੂੰ ਇਕ-ਦੂਜੇ ਤੋਂ 4-5 ਫੁੱਟ ਦੀ ਦੂਰੀ ਰੱਖ ਕੇ ਵਾਢੀ ਕਰਨ ਦਾ ਪ੍ਰਬੰਧ ਕੀਤਾ ਜਾਵੇ। ਫ਼ਸਲ ਨੂੰ ਸਾਫ਼-ਸਫ਼ਾਈ ਲਈ ਛੋਟੇ-ਛੋਟੇ ਢੇਰਾਂ ਵਿਚਕਾਰ 3-4 ਫੁੱਟ ਦੀ ਦੂਰੀ ਰੱਖੀ ਜਾਵੇ ਅਤੇ ਇਕ ਢੇਰ 'ਤੇ ਸਿਰਫ 1-2 ਲੋਕਾਂ ਨੂੰ ਸਫ਼ਾਈ ਕਰਨ ਦਾ ਕੰਮ ਦਿਤਾ ਜਾਵੇ। ਇਸ ਤੋਂ ਇਲਾਵਾ ਟਰਾਂਸਪੋਰਟ ਲਈ ਵਰਤੇ ਜਾਣ ਵਾਲੇ ਵਾਹਨ, ਬਾਰਦਾਨਾ ਅਤੇ ਪੈਕਿੰਗ ਦਾ ਹੋਰ ਸਮਾਨ ਵੀ ਸੈਨੀਟਾਈਜ਼ ਕੀਤੇ ਜਾਣ।
ਬੁਲਾਰੇ ਨੇ ਦਸਿਆ ਕਿ ਕਿਸਾਨਾਂ ਨੂੰ ਸਲਾਹ ਦਿਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਮਜਦੂਰਾਂ/ਕੰਬਾਈਨ ਅਪਰੇਟਰਾਂ ਨਾਲ ਕਰੰਸੀ ਨੋਟਾਂ ਵਿਚ ਲੈਣ-ਦੇਣ ਕੀਤਾ ਗਿਆ ਹੈ ਤਾਂ ਅਜਿਹਾ ਲੈਣ-ਦੇਣ ਕਰਨ ਤੋਂ ਤੁਰਤ ਬਾਅਦ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ ਅਤੇ ਦੂਜੇ ਵਿਅਕਤੀਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿਤੀ ਜਾਵੇ। ਕਿਸਾਨਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਜਿਥੋਂ ਤਕ ਹੋ ਸਕੇ ਆਨਲਾਈਨ ਟਰਾਂਜ਼ੈਕਸ਼ਨ ਕੀਤੀ ਜਾਵੇ। ਬੁਲਾਰੇ ਨੇ ਕਿਹਾ ਕਿ ਕੋਵਿਡ-19 ਬਾਰੇ ਕੋਈ ਵੀ ਅਫ਼ਵਾਹ/ਗੱਲਾਂ ਨਾ ਫੈਲਾਈਆਂ ਜਾਣ ਅਤੇ ਪੁਖ਼ਤਾ ਕਰਨ ਤੋਂ ਬਾਅਦ ਹੀ ਜਾਣਕਾਰੀ ਨੂੰ ਅੱਗੇ ਸਾਂਝਾ ਕੀਤਾ ਜਾਵੇ। ਦੂਜੇ ਵਿਅਕਤੀਆਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਤ ਕੀਤਾ ਜਾਵੇ।
ਇਸ ਦੌਰਾਨ ਜੇਕਰ ਕੋਈ ਕਿਸੇ ਕੋਵਿਡ-19 ਪੀੜਤ ਵਿਅਕਤੀ ਦੇ ਸੰਪਰਕ ਵਿਚ ਆਇਆ ਹੈ, ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸਬੰਧੀ ਤੁਰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੈਟਰੋਲ ਰੂਮ ਨੰਬਰ 0172- 2920074/08872090029 'ਤੇ ਕਾਲ ਕਰ ਕੇ ਪੂਰੀ ਜਾਣਕਾਰੀ ਦਿਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।