
ਸਿੱਖ ਕੌਮ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨ ਦੀ ਬੇਹੱਦ ਲੋੜ : ਜਥੇਦਾਰ
ਅੰਮ੍ਰਿਤਸਰ, 23 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਰਥਕ ਤੌਰ 'ਤੇ ਮਜਬੂਤ ਕਰਨ ਦੀ ਲੋੜ ਹੈ। ਪਿੰਡ ਦਾ ਸਿੱਖ ਜੋ ਕਿਰਤ ਕਰ ਕੇ ਰੋਜ਼ੀ-ਰੋਟੀ ਖਾਂਦਾ ਹੈ ਪਰ ਕੋਰੋਨਾ ਵਾਇਰਸ ਨੇ ਉਸ ਨੂੰ ਬੇਰੁਜ਼ਗਾਰ ਕਰ ਦਿਤਾ ਹੈ।
ਜਥੇਦਾਰ ਨੇ ਕਿਹਾ ਕਿ ਮੈਂ ਸੱਭ ਦੀ ਸੁੱਖ ਮੰਗਦਾ ਹਾਂ ਪਰ ਇਸ ਵੇਲੇ ਕਿਰਤੀ ਸਿੱਖ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ।
ਉਨ੍ਹਾਂ ਸਿੱਖ ਅਰਥ ਸ਼ਾਸਤਰੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਸੁਝਾਅ ਅਕਾਲ ਤਖ਼ਤ ਸਾਹਿਬ 'ਤੇ ਭੇਜਣ ਤਾਂ ਜੋ ਨੀਤੀਆਂ ਘੜ ਕੇ ਕੌਮ ਨੂੰ ਬਚਾਇਆ ਜਾ ਸਕੇ। ਜੋ ਇਸ ਵੇਲੇ ਬੜੀ ਬੁਰੀ ਤਰਾਂ ਪ੍ਰਭਾਵਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਫ਼ ਪਾਣੀ, ਸਾਫ਼ ਵਾਤਾਵਰਣ ਅਤੇ ਸਿਹਤਮੰਦ ਧਰਤੀ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਕੁਦਰਤ ਨਾਲ ਚੰਗਾ ਵਰਤਾਅ ਕਰ ਕੇ ਕੁਦਰਤੀ ਸਾਧਨ ਬਚਾਉਣੇ ਪੈਣਗੇ ਤਾਂ ਜੋ ਸਵੱਛ ਵਾਤਾਰਵਰਣ 'ਚ ਚੰਗੀਆਂ ਨਸਲਾਂ ਭਵਿੱਖ ਲਈ ਸਿਰਜੀਆਂ ਜਾਣ।
ਉਨ੍ਹਾਂ ਕਿਹਾ ਕਿ ਕੁਦਰਤੀ ਸਾਧਨਾਂ ਦੀ ਲੁੱਟ ਕਰਨ ਨਾਲ ਬੜੀ ਗੰਭੀਰ ਹਾਲਤ ਬਣੀ ਹੈ। ਪਸ਼ੂ ਤੇ ਜਾਵਨਰ ਸੱਭ ਤੋਂ ਜ਼ਿਆਦਾ ਪੀੜਤ ਤੇ ਮਾਰੇ ਗਏ ਹਨÎ। ਫ਼ਸਲਾਂ 'ਚ ਜ਼ਹਿਰੀਲਾ ਕੀਟਨਾਸ਼ਕ ਦਾ ਜ਼ਿਆਦਾ ਸਪਰੇਅ ਕਰਨ ਨਾਲ ਧਰਤੀ ਵੀ ਸਿਹਤ ਕਮਜ਼ੋਰ ਹੋਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਧਰਤੀ ਮਾਂ ਦੀ ਸਿਹਤ ਚੰਗੀ ਰੱਖਣ ਲਈ ਸਾਨੂੰ ਕੁਦਰਤ ਦਾ ਆਸਰਾ ਲੈਣਾ ਪਵੇਗਾ।
ਉਨ੍ਹਾਂ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਕੁਦਰਤੀ ਸਰੋਤਾਂ ਦੀ ਬੇਹੱਦ ਤਬਾਹੀ ਕਰਨ ਨਾਲ ਸਮੁੱਚਾ ਸਿਸਟਮ ਹੀ ਲੜਖੜਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਵਪਾਰੀ ਦੁਕਾਨਦਾਰ, ਕਿਸਾਨ, ਕਿਰਤੀ ਵਰਗ ਤੇ ਆਮ ਲੋਕ ਆਰਥਕ ਤੌਰ 'ਤੇ ਨੱਪੇ ਗਏ ਹਨ ਜੋ ਰੋਜ਼ਾਨਾ ਮਿਹਨਤ-ਮਜ਼ਦੂਰੀ ਕਰ ਕੇ ਅਪਣੇ ਪਰਵਾਰ ਪਾਲਦੇ ਹਨ। ਉਨ੍ਹਾਂ ਹਜੂਰ ਸਾਹਿਬ ਦੀ ਸੰਗਤ ਦੀ ਗੱਲ ਕਰਦਿਆਂ ਕਿਹਾ ਕਿ ਉਹ ਕਿਸਾਨ ਤੇ ਮਜਦੂਰ ਵੀ ਹਨ। ਜਿਨ੍ਹਾਂ ਦੀ ਫ਼ਸਲ ਪੱਕੀ ਹੈ ਤੇ ਅਗਲੀ ਦੀ ਤਿਆਰੀ ਕਰਨ ਹਨ ਪਰ ਸਰਕਾਰ ਵਾਪਸ ਘਰ ਪਰਤਣ ਦੀ ਆਗਿਆ ਹੀ ਨਹੀਂ ਦੇ ਰਹੀ। ਇਹ ਦੇਰੀ ਉਸ ਲਈ ਬਰਬਾਦ ਕਰਨ ਦੇ ਤੁੱਲ ਹੈ।
ਉਨ੍ਹਾਂ ਦਸਿਆ ਕਿ ਵਿਸ਼ਵ ਪੱਧਰ 'ਤੇ ਉਹ ਸਬੰਧਤ ਧਿਰਾਂ ਨੂੰ ਬੇਨਤੀ ਕਰਦੇ ਹਨ ਕਿ ਕੋਰੋਨਾ 'ਚ ਮਰਨ ਵਾਲੇ ਸਿੱਖਾਂ ਦੀ ਗਿਣਤੀ ਦਾ ਡਾਟਾ ਅਕਾਲ ਤਖ਼ਤ ਸਾਹਿਬ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੁੱਚੀ ਸਥਿਤੀ ਦਾ ਪਤਾ ਲਾ ਸਕਣ।
ਵਿਦੇਸ਼ਾਂ 'ਚ ਕੰਮ ਕਰਨ ਗਏ ਸਿੱਖ ਨੌਜਵਾਨ ਲੜਕੇ-ਲੜਕੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਵਾਪਸ ਆਉਣਾ ਪਿਆ ਤਾਂ ਉਨ੍ਹਾਂ ਦੇ ਮੁੜ ਵਸੇਬੇ ਲਈ ਸਾਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।
ਉਨ੍ਹਾਂ ਦਾਅਵੇ ਨਾਲ ਕਿਹਾ ਕਿ ਦੇਸ਼-ਵਿਦੇਸ਼ 'ਚ ਰਹਿੰਦਾ ਸਿੱਖ ਭਾਈਚਾਰਾ ਉਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ।