
ਮੋਹਾਲੀ, ਜੀਰਕਪੁਰ, ਡੇਰਾਬਾਸੀ, ਕੁਰਾਲੀ ਅਤੇ ਲਾਲੜੂ 'ਚ 268 ਵਿਕਰੇਤਾਵਾਂ ਦੀ ਕੀਤੀ ਸਕ੍ਰੀਨਿੰਗ
ਐਸ.ਏ.ਐਸ. ਨਗਰ/ਡੇਰਾਬੱਸੀ, 23 ਅਪ੍ਰੈਲ (ਸੁਖਦੀਪ ਸਿੰਘ ਸੋਈਂ, ਸੁਖਵਿੰਦਰ ਸਿੰਘ ਸ਼ਾਨ, ਗੁਰਜੀਤ ਈਸਾਪੁਰ): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਪੂਰੇ ਜ਼ਿਲ੍ਹੇ ਵਿਚ ਅਖ਼ਬਾਰਾਂ ਦੇ ਹਾਕਰਾਂ, ਏਜੰਟਾਂ ਅਤੇ ਵਿਤਰਕਾਂ ਦੀ ਸਕ੍ਰਿਨਿੰਗ ਕੀਤੀ ਗਈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸਨਰ ਗਿਰੀਸ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਦੀ ਪ੍ਰਕਿਰਿਆ ਮੁਹਾਲੀ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿਚ ਚਲਾਈ ਗਈ ਅਤੇ 24 ਅਪ੍ਰੈਲ ਨੂੰ ਖਰੜ ਵਿਚ ਵੀ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਦਸਿਆ ਕਿ ਮੁਹਾਲੀ ਵਿਚ ਕੁਲ 183 ਵਿਕਰੇਤਾਵਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ ਜਦਕਿ ਜ਼ੀਰਕਪੁਰ ਵਿਚ 40 ਵਿਕਰੇਤਾ ਅਤੇ ਅਖ਼ਬਾਰ ਏਜੰਟ ਅਤੇ ਲਾਲੜੂ ਵਿਚ 12 ਸਕ੍ਰੀਨਿੰਗ ਪ੍ਰਕਿਰਿਆ ਤੋਂ ਲੰਘੇ।
ਡੇਰਾਬਸੀ ਵਿਚ 18 ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 17 ਵਿਅਕਤੀਆਂ ਵਿਚ ਲੱਛਣ ਨਹੀਂ ਪਾਏ ਗਏ, ਜਦਕਿ ਇਕ ਮਾਮੂਲੀ ਸਰਦੀ-ਜ਼ੁਕਾਮ ਤੋਂ ਪੀੜਤ ਪਾਇਆ ਗਿਆ। ਇਸੇ ਤਰ੍ਹਾਂ ਕੁਰਾਲੀ ਵਿਚ 15 ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਅਤੇ 14 ਵਿਚ ਕੋਈ ਲੱਛਣ ਨਹੀਂ ਮਿਲਿਆ ਜਦਕਿ 1 ਨੂੰ ਹਲਕਾ ਬੁਖ਼ਾਰ ਸੀ। ਕੁੱਲ 268 ਵਿਕਰੇਤਾਵਾਂ ਦੀ ਸਕ੍ਰੀਨਿੰਗ ਕੀਤੀ ਗਈ।
ਉਹਨਾਂ ਕਿਹਾ ਕਿ ਕਿਸੇ ਵਿਚ ਵੀ ਲੱਛਣ ਨਹੀਂ ਮਿਲੇ। ਇਸ ਤੋਂ ਇਲਾਵਾ, ਮਲਟੀਪਰਪਜ ਹੈਲਥ ਵਰਕਰਜ (ਐਮਪੀਐਚਡਬਲਯੂ) ਦੀਆਂ ਟੀਮਾਂ ਨੇ ਵਿਕਰੇਤਾਵਾਂ ਦੀ ਜਾਂਚ ਤੋਂ ਇਲਾਵਾ ਉਨਾਂ ਨੂੰ ਸਮਾਜਕ ਦੂਰੀਆਂ ਦੇ ਦਿਸਾ-ਨਿਰਦੇਸਾਂ ਦੀ ਪਾਲਣਾ, ਮਾਸਕ ਅਤੇ ਸੈਨੀਟਾਈਜਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ। ਫੇਜ -2 ਹਾਕਰਜ ਐਸੋਸੀਏਸਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ, ''ਮੈਂ ਜਿਲਾ ਪ੍ਰਸਾਸਨ ਦਾ ਇਸ ਵੱਡੇ ਉੱਦਮ ਲਈ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਇਹ ਸਾਡੇ ਗ੍ਰਾਹਕਾਂ ਦੇ ਮਨਾਂ ਵਿਚਲੇ ਡਰ ਨੂੰ ਦੂਰ ਕਰੇਗਾ।”
ਵਿਕਰੇਤਾ ਐਸੋਸੀਏਸਨ, ਫੇਜ -7 ਮੁਹਾਲੀ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਕਿਹਾ, ''ਡੀ.ਸੀ. ਗਿਰੀਸ ਦਿਆਲਨ, ਨਗਰ ਨਿਗਮ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਹੇਠ ਇਸ ਮੁਹਿੰਮ ਲਈ ਮੈਂ ਜਿਲਾ ਪ੍ਰਸਾਸਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਸੀਂ ਮਿਲ ਕੇ ਇਸ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਾਂ ਅਤੇ ਹਰਾ ਦਵਾਂਗੇ।''
ਬੀਰਵਰ ੨੩-੯