
ਜੇ ਅਸੀਂ 'ਇਕ ਰਾਸ਼ਟਰ' ਵਜੋਂ ਕੰਮ ਕਰਾਂਗੇ ਤਾਂ ਸਰੋਤਾਂ ਦੀ ਕੋਈ ਘਾਟ ਨਹੀਂ ਹੋਵੇਗੀ : ਮੋਦੀ
ਨਵੀਂ ਦਿੱਲੀ, 23 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਵਿਰੁਧ ਲੜਾਈ 'ਚ ਰਾਜਾਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿਤਾ ਅਤੇ ਕਿਹਾ ਕਿ ਜੇਕਰ ਅਸੀਂ ''ਇਕ ਰਾਸ਼ਟਰ'' ਵਜੋਂ ਕੰਮ ਕਰਾਂਗੇ ਤਾਂ ਸਰੋਤਾਂ ਦੀ ਕੋਈ ਘਾਟ ਨਹੀਂ ਹੋਵੇਗੀ | ਕੋਵਿਡ 19 ਦੀ ਤਾਜ਼ਾ ਲਹਿਰ 'ਚ ਸੱਭ ਤੋਂ ਜ਼ਿਆਦਾ ਪ੍ਰਭਾਵਤ 10 ਰਾਜਾਂ ਦੇ ਮੁੱਖ ਮੰਤਰੀ ਨਾਲ ਚਰਚਾ ਕਰ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਸਾਂਝੀਆਂ ਕੋਸ਼ਿਸ਼ਾਂ ਅਤੇ ਸਾਂਝੀ ਰਣਨੀਤੀ ਨਾਲ ਭਾਰਤ ਨੇ ਲਾਗ 'ਤੇ ਸਫ਼ਲਤਾ ਪਾਈ ਸੀ ਅਤੇ ਇਸੇ ਸਿਧਾਂਤ 'ਤੇ ਕੰਮ ਕਰਦੇ ਹੋਏ ਤਾਜ਼ਾ ਲਹਿਰ ਤੋਂ ਵੀ ਮੁਕਾਬਲਾ ਕੀਤਾ ਜਾ ਸਕਦਾ ਹੈ | ਬੈਠਕ 'ਚ ਪ੍ਰਧਾਨ ਮੰਤਰੀ ਨੇ ਮੈਡੀਕਲ ਆਕਸੀਜਨ ਨੂੰ ਲੈ ਕੇ ਕਿਹਾ ਕਿ ਆਕਸੀਜਨ ਟੈਂਕਰਾਂ ਦੀ ਆਵਾਜਾਈ 'ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਰੇਲਵੇ ਅਤੇ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ | ਬੈਠਕ 'ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਦਿੱਲੀ ਸਮੇਤ ਕੁੱਝ ਹੋਰ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ | ਹਾਲਾਂਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੈਠਕ 'ਚ ਸ਼ਾਮਲ ਨਹੀਂ ਹੋਈ ਬੈਠਕ ਦੇ ਬਾਅਦ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਉ) ਵਲੋਂ ਜਾਰੀ
ਇਕ ਬਿਆਨ ਮੁਤਾਬਕ ਮੋਦੀ ਨੇ ਕਿਹਾ ਕਿ ਵਾਇਰਸ ਇਸ ਵਾਰ ਕਈ ਰਾਜਾਂ ਦੇ ਨਾਲ ਹੀ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨੂੰ ਪ੍ਰਭਾਵਤ ਕਰ ਰਿਹਾ ਹੈ | ਉਨ੍ਹਾਂ ਨੇ ਇਸ ਮਹਾਂਮਾਰੀ ਤੋਂ ਲੜਣ ਲਈ ਨਾਲ ਮਿਲ ਕੇ ਕੰਮ ਕਰਨ ਅਤੇ ਸਮੂਹਕ ਸ਼ਕਤੀ ਨਾਲ ਮੁਕਾਬਲਾ ਕਰਨ ਦਾ ਸੱਦਾ ਦਿਤਾ | ਬਿਆਨ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਇਸ ਲੜਾਈ 'ਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਤਾ ਅਤੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਸਾਰੇ ਰਾਜਾਂ ਨਾਲ ਲਾਗਤਾਰ ਸੰਪਰਕ ਵਿਚ ਹੈ ਅਤੇ ਸਿਥਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਤੇ ਨਾਲ ਹੀ ਸਮੇਂ ਸਮੇਂ 'ਤੇ ਉਨ੍ਹਾਂ ਨੂੰ ਜ਼ਰੂਰੀ ਸਲਾਹ ਵੀ ਦੇ ਰਿਹਾ ਹੈ |
ਆਕਸੀਜਨ ਸਪਲਾਈ ਦੇ ਬਾਰੇ 'ਚ ਰਾਜਾਂ ਵਲੋਂ ਚੁੱਕੇ ਗਏ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸਪਲਾਈ ਵਧਾਉਣ ਨੂੰ ਲੈ ਕੇ ਲਗਾਤਾਰ ਯਤਨ ਕੀਤਾ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਵਿਭਾਗ ਅਤੇ ਮੰਤਰਾਲੇ ਇਸ ਦਿਸ਼ਾ 'ਚ ਮਿਲ ਕੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਦਯੋਗਕ ਇਸਤੇਮਾਲ 'ਚ ਆਉਣ ਵਾਲੀ ਆਕਸੀਜਨ ਦਾ ਵੀ ਮੈਡੀਕਲ ਆਕਸੀਜਨ ਦੀ ਜ਼ਰੂਰਤਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ | ਆਕਸੀਜਨ ਟੈਂਕਰਾਂ ਨੂੰ ਭੇਜਣ ਅਤੇ ਮੁੜ ਵਾਪਸੀ 'ਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਰੇਲਵੇ, ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ | (ਏਜੰਸੀ)