
ਰਖਿਆ ਮੰਤਰਾਲੇ ਨੇ ਜਰਮਨੀ ਤੋਂ 23 ਆਕਸੀਜਨ ਉਤਪਾਦਨ ਪਲਾਂਟ ਹਵਾਈ ਮਾਰਗ ਤੋਂ ਲਿਆਉਣ ਦਾ ਫ਼ੈਸਲਾ ਕੀਤਾ
ਨਵੀਂ ਦਿੱਲੀ, 23 ਅਪ੍ਰੈਲ : ਰਖਿਆ ਮੰਤਰਾਲੇ ਨੇ ਜਰਮਨੀ ਤੋਂ 23 ਆਕਸੀਜਨ ਉਤਪਾਦਨ ਪਲਾਂਟ ਹਵਾਈ ਮਾਰਗ ਤੋਂ ਲਿਆਉਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਮੰਤਰਾਲੇ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਣ ਦੇ ਮਾਮਲਿਆਂ ਦੌਰਾਨ ਕਈ ਰਾਜਾਂ ਦੀ ਮੈਡੀਕਲ ਆਕਸੀਜਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਹਰ ਪਲਾਂਟ ਦੀ ਸਮਰੱਥਾ 40 ਲੀਟਰ ਆਕਸੀਜਨ ਪ੍ਰਤੀ ਮਿੰਟ ਅਤੇ 2400 ਲੀਟਰ ਆਕਸੀਜਨ ਪ੍ਰਤੀ ਘੰਟਾ ਉਤਪਾਦਨ ਕਰਨ ਦੀ ਹੈ। ਉਨ੍ਹਾਂ ਦਸਿਆ ਕਿ ਇਕ ਹੋਰ ਕਦਮ ਦੇ ਤਹਿਤ, ਰਖਿਆ ਮੰਤਰਾਲੇ ਨੇ ਨੀਮ ਫ਼ੌਜ ਮੈਡੀਕਲ ਸੇਵਾ (ਏਐਫ਼ਐਮਐਸ) ’ਚ 238 ਸ਼ਾਰਟ ਸਰਵਿਸ ਕਮਿਸ਼ਨ ਦੇ ਤਹਿਤ ਡਾਕਟਰਾ ਦੀ ਸੇਵਾ ਨੂੰ 31 ਦਸੰਬਰ ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰਖਿਆ ਮੰਤਰਾਲੇ ਦੇ ਮੁੱਖ ਬੁਲਾਰੇ ਭਾਰਤ ਭੂਸ਼ਣ ਬਾਬੂ ਨੇ ਕਿਹਾ ਕਿ ਜਰਮਨੀ ਤੋਂ ਲਿਆਏ ਜਾਣ ਵਾਲੇ ਪਲਾਂਟਾਂ ਦੀ ਸਥਾਪਨਾ ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਨੀਮ ਫ਼ੌਜ ਮੈਡੀਕਲ ਸੇਵਾ ਦੇ ਹਸਪਤਾਲਾਂ ’ਚ ਕੀਤੀ ਜਾਵੇਗੀ। ਬਾਬੂ ਨੇ ਕਿਹਾ, ‘‘23 ਆਕਸੀਜਨ ਪਲਾਂਟਾਂ ਨੂੰ ਹਵਾਈ ਮਾਰਗ ਰਾਹੀਂ ਜਰਮਨੀ ਤੋਂ ਲਿਆਇਆ ਜਾਵੇਗਾ। ਇਨ੍ਹਾਂ ਨੂੰ ਕੋਵਿਡ 19 ਦੇ ਮਰੀਜ਼ਾ ਦਾ ਇਲਾਜ ਕਰਨ ਵਾਲੇ ਏਐਫ਼ਐਮਸੀ ਦੇ ਹਸਪਤਾਲਾਂ ’ਚ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਕਸੀਜਨ ਉਤਪਾਦਨ ਕਰਨ ਵਾਲੇ ਪਲਾਂਟ ਦੇ ਇਕ ਹਫ਼ਤੇ ਦੇ ਅੰਦਰ ਹਵਾਈ ਮਾਰਗ ਤੋਂ ਲਿਆਉਣ ਦੀ ਉਮੀਦ ਹੈ। ਮੰਤਰਾਲੇ ਦਾ ਇਹ ਫ਼ੈਸਲਾ ਉਦੋਂ ਆਇਆ ਹੈ ਜਦ ਚਾਰ ਦਿਨ ਪਹਿਲਾਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਮਿਆਰੀ ਢਾਂਚੇ ੂ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜ਼ਰੂਰੀ ਖ਼ਰੀਦ ਲਈ ਤਿੰਨੇ ਸੇਵਾਵਾਂ ਅਤੇ ਹੋਰ ਰਖਿਆ ਏਜੰਸੀਆਂ ਨੂੰ ਐਮਰਜੈਂਸੀ ਵਿੱਤੀ ਅਧਿਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। (ਏਜੰਸੀ)